IMG-LOGO
ਹੋਮ ਖੇਡਾਂ: ਵਿਸ਼ਵ ਜੇਤੂ ਭਾਰਤ: ਅੰਡਰ-19 ਵਿਸ਼ਵ ਕੱਪ ’ਤੇ ਛੇਵੀਂ ਵਾਰ ਕਬਜ਼ਾ,...

ਵਿਸ਼ਵ ਜੇਤੂ ਭਾਰਤ: ਅੰਡਰ-19 ਵਿਸ਼ਵ ਕੱਪ ’ਤੇ ਛੇਵੀਂ ਵਾਰ ਕਬਜ਼ਾ, ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ

Admin User - Feb 07, 2026 10:32 AM
IMG

ਭਾਰਤੀ ਨੌਜਵਾਨ ਕ੍ਰਿਕਟ ਟੀਮ ਨੇ ਆਪਣੀ ਦਹਿਸ਼ਤ ਬਰਕਰਾਰ ਰੱਖਦਿਆਂ ਅੰਡਰ-19 ਵਿਸ਼ਵ ਕੱਪ 2026 ਦਾ ਖਿਤਾਬ ਛੇਵੀਂ ਵਾਰ ਆਪਣੇ ਨਾਮ ਕਰ ਲਿਆ ਹੈ। ਸ਼ੁੱਕਰਵਾਰ ਨੂੰ ਹਰਾਰੇ ਸਪੋਰਟਸ ਕਲੱਬ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਇੰਗਲੈਂਡ ਨੂੰ 100 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਸਾਲ 2022 ਦੇ ਫਾਈਨਲ ਦੇ ਇਤਿਹਾਸ ਨੂੰ ਦੁਹਰਾਉਂਦਿਆਂ ਇੱਕ ਵਾਰ ਫਿਰ ਅੰਗਰੇਜ਼ਾਂ ਨੂੰ ਧੂੜ ਚੱਟਾਈ ਹੈ।


ਵੈਭਵ ਦੀ ਤੂਫ਼ਾਨੀ ਪਾਰੀ: ਤੋੜੇ ਕਈ ਵਿਸ਼ਵ ਰਿਕਾਰਡ

ਮੈਚ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ 14 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਰਿਹਾ। ਵੈਭਵ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾਉਂਦਿਆਂ ਮਹਿਜ਼ 80 ਗੇਂਦਾਂ ਵਿੱਚ 175 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ। ਇਸ ਪਾਰੀ ਵਿੱਚ 15 ਚੌਕੇ ਅਤੇ 15 ਗਗਨਚੁੰਬੀ ਛੱਕੇ ਸ਼ਾਮਲ ਸਨ।


 ਵੈਭਵ ਹੁਣ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਉਨਮੁਕਤ ਚੰਦ (111 ਦੌੜਾਂ, 2012) ਦਾ 14 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ।


 ਵੈਭਵ ਨੇ ਆਪਣਾ ਸੈਂਕੜਾ ਸਿਰਫ਼ 55 ਗੇਂਦਾਂ ਵਿੱਚ ਪੂਰਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।


ਭਾਰਤ ਦਾ ਵਿਸ਼ਾਲ ਸਕੋਰ ਅਤੇ ਗੇਂਦਬਾਜ਼ੀ ਦਾ ਦਬਦਬਾ

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਰਧਾਰਿਤ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 411 ਦੌੜਾਂ ਦਾ ਪਹਾੜ ਜੈਸਾ ਸਕੋਰ ਖੜ੍ਹਾ ਕੀਤਾ। ਕਪਤਾਨ ਆਯੁਸ਼ ਮਹਾਤਰੇ ਨੇ 53 ਦੌੜਾਂ ਦੀ ਕਪਤਾਨੀ ਪਾਰੀ ਖੇਡੀ, ਜਦਕਿ ਅਭਿਗਿਆਨ ਕੁੰਡੂ (40) ਅਤੇ ਕਨਿਸ਼ਕ ਚੌਹਾਨ (37) ਨੇ ਵੀ ਅਹਿਮ ਯੋਗਦਾਨ ਪਾਇਆ।


412 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਭਾਰਤੀ ਗੇਂਦਬਾਜ਼ਾਂ ਦੇ ਤਿੱਖੇ ਹਮਲੇ ਅੱਗੇ ਟਿਕ ਨਾ ਸਕੀ। ਪੂਰੀ ਟੀਮ 40.2 ਓਵਰਾਂ ਵਿੱਚ 311 ਦੌੜਾਂ 'ਤੇ ਸਿਮਟ ਗਈ। ਭਾਰਤੀ ਗੇਂਦਬਾਜ਼ਾਂ ਨੇ ਮੈਚ 'ਤੇ ਸ਼ੁਰੂ ਤੋਂ ਹੀ ਪਕੜ ਬਣਾਈ ਰੱਖੀ ਅਤੇ ਇੰਗਲੈਂਡ ਨੂੰ ਕਦੇ ਵੀ ਮੁਕਾਬਲੇ ਵਿੱਚ ਵਾਪਸੀ ਨਹੀਂ ਕਰਨ ਦਿੱਤੀ।


ਇਸ ਪੂਰੇ ਸੀਜ਼ਨ ਵਿੱਚ ਭਾਰਤ ਦੀ ਟੀਮ ਅਜੇਤੂ ਰਹੀ ਅਤੇ ਲਗਾਤਾਰ ਸੱਤ ਮੈਚ ਜਿੱਤ ਕੇ ਟਰਾਫੀ ਚੁੱਕੀ। ਇਸ ਖਿਤਾਬ ਨਾਲ ਭਾਰਤ ਨੇ 2000, 2008, 2012, 2018 ਅਤੇ 2022 ਤੋਂ ਬਾਅਦ ਛੇਵੀਂ ਵਾਰ ਵਿਸ਼ਵ ਜੇਤੂ ਬਣਨ ਦਾ ਰਿਕਾਰਡ ਬਣਾਇਆ ਹੈ। ਕਪਤਾਨ ਆਯੁਸ਼ ਮਹਾਤਰੇ ਹੁਣ ਮੁਹੰਮਦ ਕੈਫ, ਵਿਰਾਟ ਕੋਹਲੀ ਅਤੇ ਪ੍ਰਿਥਵੀ ਸ਼ਾਅ ਵਰਗੇ ਦਿੱਗਜ ਕਪਤਾਨਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.