ਤਾਜਾ ਖਬਰਾਂ
ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ ਨੂੰ “ਪੱਪੂ” ਕਹਿੰਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਕਰਮਾਂ ਰਾਹੀਂ ਇਸ ਨਾਂ ਨੂੰ ਸੱਚ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਆਪਣੇ ਆਪ ਨੂੰ ਇਕੱਲਾ ਇਮਾਨਦਾਰ ਅਤੇ ਸਭ ਤੋਂ ਗਿਆਨਵਾਨ ਆਗੂ ਸਮਝਦਾ ਹੈ, ਪਰ ਉਹ ਦੇਸ਼ ਅਤੇ ਪੰਜਾਬ ਦੀ ਜ਼ਮੀਨੀ ਹਕੀਕਤ ਤੋਂ ਬਿਲਕੁਲ ਵਾਕਿਫ਼ ਨਹੀਂ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਦੇ ਆਲੇ-ਦੁਆਲੇ ਰਹਿਣ ਵਾਲੇ ਚਾਪਲੂਸ ਆਗੂ ਉਸਨੂੰ ਹਕੀਕਤ ਤੋਂ ਦੂਰ ਰੱਖਦੇ ਹਨ। ਸਿੱਧੂ ਮੁਤਾਬਕ, ਇਹ ਲੋਕ ਫੈਸਲੇ ਹੋਣ ਤੋਂ ਪਹਿਲਾਂ ਹੀ ਟਿਕਟਾਂ ਵੇਚ ਕੇ ਆਪਣੀ ਸ਼ਾਨਦਾਰ ਜ਼ਿੰਦਗੀ ਜੀ ਰਹੇ ਹਨ, ਜਦਕਿ ਪਾਰਟੀ ਅਤੇ ਸੂਬੇ ਦਾ ਨੁਕਸਾਨ ਹੋ ਰਿਹਾ ਹੈ।
ਡਾ. ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ ਦੀ ਫੈਸਲਾ ਲੈਣ ਦੀ ਸਮਰੱਥਾ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਗੰਭੀਰ ਜਾਂ ਐਮਰਜੈਂਸੀ ਮਾਮਲੇ ‘ਚ ਫੈਸਲਾ ਕਰਨ ਲਈ ਰਾਹੁਲ ਗਾਂਧੀ ਨੂੰ ਛੇ ਮਹੀਨੇ ਤੱਕ ਲੱਗ ਜਾਂਦੇ ਹਨ, ਜਿਸ ਕਾਰਨ ਪਾਰਟੀ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਨੇ ਪੁੱਛਿਆ ਕਿ ਕੀ ਅਜਿਹੀ ਲੀਡਰਸ਼ਿਪ ਨਾਲ ਪੰਜਾਬ ਲਈ ਇਮਾਨਦਾਰੀ ਨਾਲ ਕੰਮ ਕੀਤਾ ਜਾ ਸਕਦਾ ਹੈ?
ਸਿੱਧੂ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਬਹੁਤ ਸਾਰੇ ਆਗੂ ਲੋਕ ਸੇਵਾ ਦੀ ਬਜਾਏ ਆਪਣੀਆਂ ਜੇਬਾਂ ਭਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਆਗੂ ਜਾਣਦੇ ਹਨ ਕਿ ਉਹ ਦੁਬਾਰਾ ਸੱਤਾ ‘ਚ ਨਹੀਂ ਆਉਣਗੇ, ਇਸ ਲਈ ਆਖ਼ਰੀ ਮੌਕੇ ‘ਤੇ ਆਪਣਾ ਫਾਇਦਾ ਕੱਢ ਰਹੇ ਹਨ।
ਇਸ ਦੇ ਨਾਲ ਹੀ, ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਹਿੰਮਤ ਹੈ ਤਾਂ ਆਪਣੇ ਨੇਤਾਵਾਂ ਨੂੰ ਮੌਜੂਦਾ ਸਰਕਾਰ ਦੇ ਖ਼ਿਲਾਫ਼ ਬੋਲਣ ਲਈ ਕਿਹਾ ਜਾਵੇ ਅਤੇ ਆਪਣੇ ਕੰਮਕਾਜ ਦੀਆਂ ਫ਼ਾਈਲਾਂ ਜਨਤਕ ਜਾਂਚ ਲਈ ਖੋਲ੍ਹੀਆਂ ਜਾਣ।
ਹਾਲਾਂਕਿ, ਆਪਣੇ ਬਿਆਨ ਦੇ ਅਖੀਰ ‘ਚ ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ ਨੂੰ ਇੱਕ “ਚੰਗੇ ਦੋਸਤ” ਵਜੋਂ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਹੋਰ ਸਿਆਣਾ, ਗੰਭੀਰ, ਸਹਿਨਸ਼ੀਲ ਅਤੇ ਹਕੀਕਤਪਸੰਦ ਬਣਨ ਦੀ ਲੋੜ ਹੈ, ਨਹੀਂ ਤਾਂ ਕਾਂਗਰਸ ਦਾ ਭਵਿੱਖ ਹੋਰ ਵੀ ਅੰਧਕਾਰਮਈ ਹੋ ਸਕਦਾ ਹੈ।
ਇਸ ਪੂਰੇ ਵਿਵਾਦ ਦੇ ਦਰਮਿਆਨ, ਕਾਂਗਰਸ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ ‘ਚੋਂ ਬਾਹਰ ਕੱਢਣ ਦਾ ਅਧਿਕਾਰਿਕ ਐਲਾਨ ਕਰ ਦਿੱਤਾ ਹੈ। ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਪਹਿਲਾਂ ਮੁਅੱਤਲ ਕੀਤਾ ਗਿਆ ਸੀ, ਪਰ ਹੁਣ ਪੂਰੀ ਤਰ੍ਹਾਂ ਪਾਰਟੀ ਤੋਂ ਨਿਕਾਲ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਖੁਦ ਵੀ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੀ ਸੀ। ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਨਾਕਾਬਿਲ ਅਤੇ ਭ੍ਰਿਸ਼ਟ ਦੱਸਦਿਆਂ ਕਿਹਾ ਸੀ ਕਿ ਉਸ ਨੇ ਛੋਟੇ ਲਾਭਾਂ ਲਈ ਪਾਰਟੀ ਨੂੰ ਵੇਚ ਦਿੱਤਾ ਹੈ ਅਤੇ ਕਾਂਗਰਸ ਨੂੰ ਕਮਜ਼ੋਰ ਕਰਨ ‘ਚ ਕੋਈ ਕਸਰ ਨਹੀਂ ਛੱਡੀ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ‘ਚ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਕੋਲ 500 ਕਰੋੜ ਰੁਪਏ ਨਾਲ ਭਰਿਆ ਬ੍ਰੀਫਕੇਸ ਨਹੀਂ ਹੈ। ਇਸ ਬਿਆਨ ਤੋਂ ਬਾਅਦ ਕਾਂਗਰਸ ‘ਤੇ ਮੁੱਖ ਮੰਤਰੀ ਦੀ ਦੌੜ ‘ਚ ਪੈਸਿਆਂ ਦੀ ਖੇਡ ਹੋਣ ਦੇ ਗੰਭੀਰ ਦੋਸ਼ ਲੱਗੇ, ਜਿਸ ਤੋਂ ਬਾਅਦ ਪਾਰਟੀ ਨੇ ਸਖ਼ਤ ਕਦਮ ਚੁੱਕਿਆ।
Get all latest content delivered to your email a few times a month.