ਤਾਜਾ ਖਬਰਾਂ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਪੂਰੇ ਦੇਸ਼ ਸਮੇਤ ਜਲੰਧਰ ਸ਼ਹਿਰ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 1 ਫਰਵਰੀ ਨੂੰ ਮਨਾਏ ਜਾਣ ਵਾਲੇ ਇਸ ਪਵਿੱਤਰ ਦਿਹਾੜੇ ਦੇ ਸਬੰਧ ਵਿੱਚ ਅੱਜ (31 ਜਨਵਰੀ) ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਸੰਗਤਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਜਿੱਥੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ, ਉੱਥੇ ਹੀ ਆਵਾਜਾਈ ਦੇ ਰੂਟਾਂ ਵਿੱਚ ਵੀ ਵੱਡੀ ਤਬਦੀਲੀ ਕੀਤੀ ਗਈ ਹੈ।
ਸ਼ੋਭਾ-ਯਾਤਰਾ ਦਾ ਰੂਟ ਅਤੇ ਸਮਾਂ
ਅੱਜ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਰਹੇਗੀ।
ਨਗਰ ਕੀਰਤਨ ਗੁਰਦੁਆਰਾ ਸਾਹਿਬ ਬੂਟਾ ਮੰਡੀ ਤੋਂ ਸ਼ੁਰੂ ਹੋ ਕੇ ਗੁਰੂ ਰਵਿਦਾਸ ਚੌਕ, ਡਾ. ਬੀ.ਆਰ. ਅੰਬੇਡਕਰ ਚੌਕ (ਨਕੋਦਰ ਚੌਕ), ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਅਤੇ ਪਟੇਲ ਚੌਕ ਤੋਂ ਹੁੰਦਾ ਹੋਇਆ ਵਾਪਸ ਬੂਟਾ ਮੰਡੀ ਵਿਖੇ ਸਮਾਪਤ ਹੋਵੇਗਾ।
ਸ਼ੋਭਾ-ਯਾਤਰਾ ਦੌਰਾਨ ਭਾਰੀ ਵਾਹਨਾਂ ਦਾ ਸ਼ਹਿਰ ਵਿੱਚ ਦਾਖਲਾ ਮੁਕੰਮਲ ਬੰਦ ਰਹੇਗਾ।
ਨਕੋਦਰ ਰੋਡ ਤਿੰਨ ਦਿਨਾਂ ਲਈ ਬੰਦ, ਇੰਝ ਹੋਵੇਗੀ ਵਾਹਨਾਂ ਦੀ ਆਵਾਜਾਈ
ਮੇਲੇ ਅਤੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਕਾਰਨ ਨਕੋਦਰ ਰੋਡ ਨੂੰ 1 ਤੋਂ 3 ਫਰਵਰੀ ਤੱਕ ਆਮ ਆਵਾਜਾਈ ਲਈ ਬੰਦ ਰੱਖਿਆ ਗਿਆ ਹੈ।
ਨਵਾਂ ਰੂਟ ਪਲਾਨ:
ਨਕੋਦਰ-ਸ਼ਾਹਕੋਟ ਜਾਣ ਵਾਲਿਆਂ ਲਈ: ਜਲੰਧਰ ਤੋਂ ਨਕੋਦਰ ਜਾਣ ਵਾਲੇ ਵਾਹਨ ਹੁਣ ਸਤਲੁਜ ਚੌਕ, ਸਮਰਾ ਚੌਕ, ਅਰਬਨ ਅਸਟੇਟ ਫੇਜ਼-2 ਅਤੇ ਪਿੰਡ ਪ੍ਰਤਾਪਪੁਰਾ ਰਾਹੀਂ ਨਿਕਲ ਸਕਣਗੇ।
ਕਪੂਰਥਲਾ ਤੋਂ ਆਉਣ ਵਾਲੀ ਟ੍ਰੈਫਿਕ: ਅਜਿਹੇ ਵਾਹਨ ਵਰਕਸ਼ਾਪ ਚੌਕ, ਮਕਸੂਦਾਂ, ਪਠਾਨਕੋਟ ਚੌਕ ਅਤੇ ਪੀ.ਏ.ਪੀ. ਚੌਕ ਰਾਹੀਂ ਸ਼ਹਿਰ ਤੋਂ ਬਾਹਰ ਜਾ ਸਕਦੇ ਹਨ।
ਪੂਰੀ ਤਰ੍ਹਾਂ ਬੰਦ ਰਸਤੇ: ਵਡਾਲਾ ਚੌਕ ਤੋਂ ਗੁਰੂ ਰਵਿਦਾਸ ਚੌਕ ਅਤੇ ਨਕੋਦਰ ਚੌਕ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ 'ਤੇ ਆਵਾਜਾਈ ਬੰਦ ਰਹੇਗੀ।
ਪ੍ਰਸ਼ਾਸਨ ਦੀ ਅਪੀਲ
ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖੱਜਲ-ਖੁਆਰੀ ਤੋਂ ਬਚਣ ਲਈ ਉਕਤ ਰੂਟਾਂ ਦੀ ਵਰਤੋਂ ਕਰਨ ਅਤੇ ਪੁਲਿਸ ਕਰਮਚਾਰੀਆਂ ਦਾ ਸਹਿਯੋਗ ਕਰਨ। ਬੂਟਾ ਪਿੰਡ ਮੋੜ, ਮਾਤਾ ਰਾਣੀ ਚੌਕ ਅਤੇ ਬਾਬਰਿਕ ਚੌਕ ਵਰਗੇ ਇਲਾਕਿਆਂ ਵਿੱਚ ਤਿੰਨ ਦਿਨਾਂ ਤੱਕ ਵਿਸ਼ੇਸ਼ ਨਾਕੇਬੰਦੀ ਰਹੇਗੀ।
Get all latest content delivered to your email a few times a month.