ਤਾਜਾ ਖਬਰਾਂ
ਵਿਦੇਸ਼ੀ ਧਰਤੀ ਕੈਨੇਡਾ ਤੋਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲੇ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਤਖਾਣਵੱਧ ਦੇ ਇੱਕ ਹੋਣਹਾਰ ਨੌਜਵਾਨ ਸੁਖਜਿੰਦਰ ਸਿੰਘ (26) ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਮਿਲੀ ਹੈ। ਇਸ ਖ਼ਬਰ ਨੇ ਜਿੱਥੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉੱਥੇ ਹੀ ਪੂਰੇ ਪਿੰਡ ਵਿੱਚ ਮਾਤਮ ਪਸਰ ਗਿਆ ਹੈ।
ਖ਼ੁਸ਼ੀਆਂ ਦੇ ਜਸ਼ਨਾਂ ਤੋਂ ਪਹਿਲਾਂ ਪਏ ਵੈਣ
ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਕਰੀਬ 3 ਸਾਲ ਪਹਿਲਾਂ ਆਪਣੇ ਸੁਨਹਿਰੇ ਭਵਿੱਖ ਦੇ ਸੁਪਨੇ ਅੱਖਾਂ ਵਿੱਚ ਸਜਾ ਕੇ ਕੈਨੇਡਾ ਗਿਆ ਸੀ। ਸਭ ਤੋਂ ਵੱਧ ਦੁਖਦਾਈ ਗੱਲ ਇਹ ਹੈ ਕਿ ਸੁਖਜਿੰਦਰ ਨੇ ਆਉਂਦੀ 5 ਫਰਵਰੀ ਨੂੰ ਆਪਣੇ ਵਤਨ ਅਤੇ ਆਪਣੇ ਪਰਿਵਾਰ ਕੋਲ ਵਾਪਸ ਆਉਣਾ ਸੀ। ਘਰ ਵਿੱਚ ਉਸ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਿਸ ਘਰ ਵਿੱਚ ਪੁੱਤ ਦੇ ਆਉਣ ਦੀਆਂ ਉਡੀਕਾਂ ਸਨ, ਉੱਥੇ ਹੁਣ ਉਸ ਦੀ ਮ੍ਰਿਤਕ ਦੇਹ ਆਉਣ ਦੀ ਖ਼ਬਰ ਨੇ ਸਭ ਨੂੰ ਸੁੰਨ ਕਰ ਦਿੱਤਾ ਹੈ।
"3 ਦਿਨ ਪਹਿਲਾਂ ਹੀ ਮਿਲਿਆ ਸੀ ਵਰਕ ਪਰਮਿਟ"
ਮ੍ਰਿਤਕ ਦੇ ਬਜ਼ੁਰਗ ਪਿਤਾ ਦੀ ਹਾਲਤ ਦੇਖੀ ਨਹੀਂ ਜਾ ਰਹੀ। ਹੰਝੂਆਂ ਭਰੀਆਂ ਅੱਖਾਂ ਨਾਲ ਉਨ੍ਹਾਂ ਦੱਸਿਆ ਕਿ ਮਹਿਜ਼ ਤਿੰਨ ਦਿਨ ਪਹਿਲਾਂ ਹੀ ਸੁਖਜਿੰਦਰ ਦਾ ਵਰਕ ਪਰਮਿਟ ਆਇਆ ਸੀ। ਪਰਿਵਾਰ ਬਹੁਤ ਖ਼ੁਸ਼ ਸੀ ਕਿ ਹੁਣ ਪੁੱਤ ਉੱਥੇ ਪੱਕੇ ਤੌਰ 'ਤੇ ਸੈਟਲ ਹੋ ਜਾਵੇਗਾ, ਪਰ ਉਸ ਦੀ ਮੌਤ ਦੀ ਖ਼ਬਰ ਨੇ ਸਾਰੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।
ਪਿੰਡ ਵਿੱਚ ਸੋਗ ਦੀ ਲਹਿਰ
ਸੁਖਜਿੰਦਰ ਦੀ ਬੇਵਕਤੀ ਮੌਤ ਨੇ ਇੱਕ ਵਾਰ ਫਿਰ ਪੰਜਾਬ ਦੇ ਨੌਜਵਾਨਾਂ ਵਿੱਚ ਵੱਧ ਰਹੇ ਦਿਲ ਦੇ ਦੌਰਿਆਂ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ 'ਤੇ ਮਾਨਸਿਕ ਤੇ ਸਰੀਰਕ ਦਬਾਅ ਵਰਗੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਉਸ ਦਾ ਅੰਤਿਮ ਸਸਕਾਰ ਆਪਣੀ ਮਿੱਟੀ ਵਿੱਚ ਕਰ ਸਕੇ।
Get all latest content delivered to your email a few times a month.