ਤਾਜਾ ਖਬਰਾਂ
ਅੰਮ੍ਰਿਤਸਰ, 29 ਜਨਵਰੀ 2026-
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਬੰਬ ਧਮਾਕਿਆਂ ਵਾਲੇ ਬਿਆਨ 'ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਆਪਣੀ ਸੱਤਾ ਲਈ ਪੰਜਾਬ ਨੂੰ ਤਬਾਹ ਕਰਨ ਵਾਸਤੇ ਵੱਡੀਆਂ-ਵੱਡੀਆਂ ਸਾਜ਼ਿਸ਼ਾਂ ਕੀਤੀਆਂ। ਧਾਲੀਵਾਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਆਪ ਉਸ ਕਾਲੇ ਦੌਰ ਦੇ ਪੀੜਤ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੇ 3 ਜੀਅ ਅਤੇ ਪਿੰਡ ਜਗਦੇਵ ਕਲਾਂ ਦੇ 25 ਬੰਦੇ ਅੱਤਵਾਦ ਦੀ ਅੱਗ ਵਿੱਚ ਸ਼ਹੀਦ ਹੋਏ।
ਵਿਧਾਇਕ ਧਾਲੀਵਾਲ ਨੇ ਕਿਹਾ ਕਿ 1980 ਵਿੱਚ ਜਦੋਂ ਸਰਦਾਰ ਦਰਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਬੀਬੀ ਭੱਠਲ ਉਨ੍ਹਾਂ ਦੀ ਕੈਬਨਿਟ ਦਾ ਹਿੱਸਾ ਸਨ ਤਾਂ ਉਸ ਸਮੇਂ ਢਿੱਲਵਾਂ ਨੇੜੇ ਪਹਿਲਾ ਵੱਡਾ ਕਾਂਡ ਹੋਇਆ ਜਦੋਂ ਇੱਕ ਬੱਸ ਵਿੱਚੋਂ ਇੱਕ ਫਿਰਕੇ ਦੇ ਲੋਕਾਂ ਨੂੰ ਲਾਹ ਕੇ ਕਤਲ ਕੀਤਾ ਗਿਆ। ਉਸ ਕਾਂਡ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਸੀ.ਆਰ.ਪੀ. ਅਤੇ ਪੈਰਾ ਮਿਲਟਰੀ ਫੋਰਸਾਂ ਦੀ ਐਂਟਰੀ ਹੋਈ ਅਤੇ ਪੰਜਾਬ ਦੇ ਸਿਰ 'ਤੇ ਕਰਜ਼ਾ ਚੜ੍ਹਨਾ ਸ਼ੁਰੂ ਹੋਇਆ।
ਧਾਲੀਵਾਲ ਨੇ ਕਿਹਾ ਕਿ ਡੇਢ ਮਹੀਨਾ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੰਨਿਆ ਸੀ ਕਿ ਜਦੋਂ ਉਹ ਕਾਂਗਰਸ ਐਮ.ਪੀ. ਸਨ ਤਾਂ ਉਨ੍ਹਾਂ ਨੇ 25 ਮੁੰਡਿਆਂ ਨੂੰ ਸਰੈਂਡਰ ਕਰਾਇਆ ਪਰ ਉਹ ਸਾਰੇ ਮਾਰ ਦਿੱਤੇ ਗਏ। ਧਾਲੀਵਾਲ ਨੇ ਸਵਾਲ ਕੀਤਾ ਕਿ ਉਨ੍ਹਾਂ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਗਈਆਂ ਅਤੇ ਉਨ੍ਹਾਂ ਦੇ ਨਾਂ ਕੀ ਸਨ। ਉਨ੍ਹਾਂ ਕਿਹਾ ਕਿ ਕੈਪਟਨ ਨੂੰ 30 ਸਾਲ ਬਾਅਦ ਚੇਤਾ ਆਇਆ ਅਤੇ ਹੁਣ ਕਹਿੰਦੇ ਹਨ ਕਿ ਕਦੀ-ਕਦੀ ਨੀਂਦ ਨਹੀਂ ਆਉਂਦੀ।
ਆਪ ਆਗੂ ਨੇ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ 100 ਸੀਟਾਂ ਜਿੱਤਣ ਦੀ ਚਰਚਾ ਸੀ ਤਾਂ ਉਸ ਸਮੇਂ ਮੌੜ ਬੰਬ ਧਮਾਕਾ ਹੋਇਆ ਅਤੇ ਕਾਂਗਰਸ ਦੀ ਸਰਕਾਰ ਬਣ ਗਈ। ਉਨ੍ਹਾਂ ਕਿਹਾ ਕਿ ਅੱਜ ਭੱਠਲ ਦੇ ਬਿਆਨ ਤੋਂ ਇਹ ਸਭ ਕੁਝ ਸਾਹਮਣੇ ਆ ਰਿਹਾ ਹੈ।
ਧਾਲੀਵਾਲ ਨੇ ਕਿਹਾ ਕਿ ਮੈਡਮ ਭੱਠਲ ਹਮੇਸ਼ਾ ਕਹਿੰਦੀ ਹੈ ਕਿ ਉਹ ਦੇਸ਼ ਭਗਤ ਬਾਬਾ ਹੀਰਾ ਸਿੰਘ ਭੱਠਲ ਦੀ ਬੇਟੀ ਹੈ। ਜੇਕਰ ਉਨ੍ਹਾਂ ਨੂੰ ਪੰਜਾਬ ਨਾਲ ਸੱਚਮੁੱਚ ਪਿਆਰ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਅਫ਼ਸਰਾਂ ਅਤੇ ਨੇਤਾਵਾਂ ਦੇ ਨਾਂ ਦੱਸਣੇ ਚਾਹੀਦੇ ਹਨ ਜੋ ਬੰਬ ਧਮਾਕੇ ਕਰਨ ਦੀਆਂ ਸਲਾਹਾਂ ਦਿੰਦੇ ਸਨ। ਜੇਕਰ ਉਹ ਨਾਂ ਨਹੀਂ ਦੱਸਦੇ ਤਾਂ ਉਹ ਆਪਣੇ ਵੱਡੇ-ਵਡੇਰਿਆਂ ਦੀ ਦੇਸ਼ ਭਗਤੀ ਨੂੰ ਵੀ ਮਿੱਟੀ ਵਿੱਚ ਰੋਲ ਰਹੇ ਹਨ।
ਵਿਧਾਇਕ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਇਸ ਬਿਆਨ ਦੀ ਡੂੰਘਾਈ ਨਾਲ ਜਾਂਚ ਕਰਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਕਿਉਂਕਿ ਪੰਜਾਬ ਦੇ ਹਜ਼ਾਰਾਂ ਲੋਕ ਮਰ ਗਏ ਅਤੇ ਕਈ ਅਜੇ ਵੀ ਜੇਲ੍ਹਾਂ ਵਿੱਚ ਬੈਠੇ ਹਨ। ਉਨ੍ਹਾਂ ਕਿਹਾ ਕਿ ਇਹ ਸਾਜ਼ਿਸ਼ਾਂ ਬੇਨਕਾਬ ਹੋਣੀਆਂ ਚਾਹੀਦੀਆਂ ਹਨ।
ਧਾਲੀਵਾਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਕਾਂਗਰਸ ਦਾ ਅਸਲੀ ਚਿਹਰਾ ਹੁਣ ਨੰਗਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਪੰਜਾਬ ਨੂੰ ਆਰਥਿਕ ਅਤੇ ਸਮਾਜਿਕ ਤੌਰ 'ਤੇ ਬਰਬਾਦ ਕਰਨ ਲਈ ਜ਼ਿੰਮੇਵਾਰ ਹਨ। ਲੋਕ ਕਚਹਿਰੀ ਵਿੱਚ ਇਨ੍ਹਾਂ ਨੂੰ ਮੂੰਹ ਨਾ ਲਾਇਆ ਜਾਵੇ।
Get all latest content delivered to your email a few times a month.