ਤਾਜਾ ਖਬਰਾਂ
ਚੰਡੀਗੜ੍ਹ, 29 ਜਨਵਰੀ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੀ ਗੁਰੂ ਰਵਿਦਾਸ ਜਯੰਤੀ ਨੂੰ ਹੋਰਨਾਂ ਗੁਰੂਆਂ ਅਤੇ ਮਹਾਨ ਧਾਰਮਿਕ ਹਸਤੀਆਂ ਦੇ ਜਨਮ ਦਿਹਾੜਿਆਂ ਵਾਂਗ ਰਾਸ਼ਟਰੀ ਛੁੱਟੀ ਐਲਾਨੇ ਜਾਣ ਦੀ ਮੰਗ ਕੀਤੀ ਹੈ।
ਵੜਿੰਗ ਅੱਜ ਲੋਕ ਸਭਾ ਵਿੱਚ ‘ਜ਼ੀਰੋ ਆਵਰ’ ਦੌਰਾਨ ਇਹ ਮਸਲਾ ਉਠਾਉਣਾ ਚਾਹੁੰਦੇ ਸਨ, ਲੇਕਿਨ ਲੋਕ ਸਭਾ ਦੀ ਕਾਰਵਾਈ ਸਥਗਿਤ ਹੋ ਜਾਣ ਕਾਰਨ ਇਹ ਮਸਲਾ ਉਥੇ ਨਹੀਂ ਚੁੱਕ ਸਕੇ।
ਬਾਅਦ ਵਿੱਚ ਪੱਤਰਕਾਰਾਂ ਨਾਲ ਇੱਕ ਗੈਰ ਰਸਮੀ ਗੱਲਬਾਤ ਦੌਰਾਨ ਵੜਿੰਗ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਅਨੁਯਾਈਆਂ ਵੱਲੋਂ ਇਹ ਮੰਗ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਹੈ ਕਿ ਹੋਏ ਗੁਰੂਆਂ ਅਤੇ ਸੰਤ-ਮਹਾਪੁਰਸ਼ਾਂ ਦੇ ਜਨਮ ਦਿਹਾੜਿਆਂ ਦੀ ਤਰ੍ਹਾਂ ਸ਼੍ਰੀ ਗੁਰੂ ਰਵਿਦਾਸ ਜਯੰਤੀ ਨੂੰ ਵੀ ਰਾਸ਼ਟਰੀ ਛੁੱਟੀ ਦਾ ਦਰਜਾ ਮਿਲਣਾ ਚਾਹੀਦਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਵਿੱਚ ਲੱਖਾਂ-ਕਰੋੜਾਂ ਦੀ ਗਿਣਤੀ ਵਿੱਚ ਸ਼੍ਰੀ ਗੁਰੂ ਰਵਿਦਾਸ ਦੇ ਸ਼ਰਧਾਲੂ ਹਨ, ਜਿਹੜਾ ਉਨ੍ਹਾਂ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮੰਨਦੇ ਅਤੇ ਪੂਜਦੇ ਹਨ। ਉਨ੍ਹਾਂ ਦੱਸਿਆ ਕਿ ਹੋਰ ਗੁਰੂਆਂ ਅਤੇ ਧਾਰਮਿਕ ਮਹਾਪੁਰਸ਼ਾਂ ਦੇ ਜਨਮ ਦਿਹਾੜੇ ਪਹਿਲਾਂ ਹੀ ਰਾਸ਼ਟਰੀ ਛੁੱਟੀਆਂ ਵਜੋਂ ਮਨਾਏ ਜਾਂਦੇ ਹਨ।
ਵੜਿੰਗ ਨੇ ਕਿਹਾ ਕਿ ਉਹ ਪੰਜਾਬ ਤੋਂ ਹਨ, ਜਿੱਥੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਅਨੁਯਾਈਆਂ ਦੀ ਵੱਡੀ ਗਿਣਤੀ ਵੱਸਦੀ ਹੈ, ਇਸ ਲਈ ਉਹ ਇਸ ਮਸਲੇ ਨੂੰ ਵੱਖ-ਵੱਖ ਮੰਚਾਂ ‘ਤੇ ਲਗਾਤਾਰ ਉਠਾਉਂਦੇ ਆ ਰਹੇ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਉਹ ਸੰਸਦ ਵਿੱਚ ਇਹ ਮਸਲਾ ਚੁੱਕਣਾ ਚਾਹੁੰਦੇ ਸਨ, ਪਰ ਸਦਨ ਦੀ ਕਾਰਵਾਈ ਸਥਗਿਤ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ।
ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਨੇ ਕਿਸੇ ਇਕ ਵਰਗ ਜਾਂ ਸਮੂਹ ਲਈ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਸ਼ਾਂਤੀ, ਸਹਿਣਸ਼ੀਲਤਾ ਅਤੇ ਵਿਸ਼ਵ ਭਾਈਚਾਰੇ ਦਾ ਸੰਦੇਸ਼ ਦਿੱਤਾ। ਸ਼੍ਰੀ ਗੁਰੂ ਰਵਿਦਾਸ ਜੀ ਪੂਰੀ ਮਨੁੱਖਤਾ ਦੇ ਮਹਾਨ ਪ੍ਰਚਾਰਕ ਹਨ।
Get all latest content delivered to your email a few times a month.