ਤਾਜਾ ਖਬਰਾਂ
ਪੰਜਾਬ ਪੁਲਿਸ ਵੱਲੋਂ ਵਿਦੇਸ਼ ਬੈਠੇ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਸੂਬੇ ਵਿੱਚ ਸਿਆਸੀ ਅਤੇ ਸੁਰੱਖਿਆ ਮਾਹੌਲ ਗਰਮਾ ਗਿਆ ਹੈ। ਇਸ ਕਾਰਵਾਈ ਦੇ ਜਵਾਬ ਵਿੱਚ ਗੋਲਡੀ ਬਰਾੜ ਦੀ ਇੱਕ ਕਥਿਤ ਆਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਨੂੰ ਖੁੱਲ੍ਹੇਆਮ ਧਮਕਾਉਂਦਿਆਂ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ।
2 ਸਾਲ ਪੁਰਾਣੇ ਫਿਰੌਤੀ ਮਾਮਲੇ 'ਚ ਹੋਈ ਗ੍ਰਿਫ਼ਤਾਰੀ
ਪੰਜਾਬ ਪੁਲਿਸ ਨੇ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਤੋਂ ਕਾਬੂ ਕੀਤਾ ਹੈ। ਉਨ੍ਹਾਂ 'ਤੇ ਦੋ ਸਾਲ ਪਹਿਲਾਂ ਇੱਕ ਵਿਅਕਤੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ ਹਨ। ਅਦਾਲਤ ਨੇ ਦੋਵਾਂ ਨੂੰ 30 ਜਨਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸਨ।
ਵਾਇਰਲ ਆਡੀਓ: "ਸਾਨੂੰ ਸਭ ਦੇ ਰਿਸ਼ਤੇਦਾਰਾਂ ਦਾ ਪਤਾ"
ਵਾਇਰਲ ਹੋਈ ਕਥਿਤ ਆਡੀਓ ਵਿੱਚ ਗੋਲਡੀ ਬਰਾੜ ਨੇ ਸਰਕਾਰ ਅਤੇ ਪੁਲਿਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ:
"ਤੁਸੀਂ ਮੇਰੇ ਬਜ਼ੁਰਗ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕਰਕੇ ਸਾਨੂੰ ਡਰਾ ਨਹੀਂ ਸਕਦੇ। ਜੇ ਅਸੀਂ ਨਜਾਇਜ਼ ਕਰਨ 'ਤੇ ਆ ਗਏ ਤਾਂ ਹਰ ਰੋਜ਼ ਇੱਕ ਬੰਦਾ ਮਰਵਾ ਸਕਦੇ ਹਾਂ। ਸਾਨੂੰ ਪਤਾ ਹੈ ਕਿ ਕਿਹੜੇ ਲੀਡਰ ਅਤੇ ਪੁਲਿਸ ਵਾਲੇ ਦੇ ਜਵਾਕ ਵਿਦੇਸ਼ਾਂ ਵਿੱਚ ਕਿੱਥੇ ਰਹਿੰਦੇ ਹਨ। ਅਸੀਂ ਪੂਰੀ ਦੁਨੀਆ ਵਿੱਚ ਫੈਲੇ ਹੋਏ ਹਾਂ।"
ਉਸ ਨੇ ਅੱਗੇ ਕਿਹਾ ਕਿ ਉਸ ਨੇ ਅੱਜ ਤੱਕ ਕਿਸੇ ਬੇਗੁਨਾਹ ਨੂੰ ਨਹੀਂ ਮਾਰਿਆ ਅਤੇ ਸਿਰਫ਼ ਆਪਣੀਆਂ ਦੁਸ਼ਮਣੀਆਂ ਹੀ ਨਿਬੇੜੀਆਂ ਹਨ। ਉਸ ਨੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਹਰਕਤਾਂ ਨਾ ਕੀਤੀਆਂ ਜਾਣ ਜਿਸ ਨਾਲ "ਸਾਰੀ ਉਮਰ ਦੀ ਦੁਸ਼ਮਣੀ" ਪੈ ਜਾਵੇ।
ਮੁਹਾਲੀ ਕੋਰਟ ਕਤਲਕਾਂਡ ਦੀ ਲਈ ਜ਼ਿੰਮੇਵਾਰੀ
ਦੂਜੇ ਪਾਸੇ, ਮੁਹਾਲੀ ਅਦਾਲਤ ਵਿੱਚ ਹੋਏ ਗੁਰਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ ਵੀ ਗੋਲਡੀ ਬਰਾੜ ਗੈਂਗ ਨੇ ਲਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਪੋਸਟ ਵਿੱਚ ਗੋਲਡੀ ਬਰਾੜ, ਰੋਹਿਤ ਗੋਦਾਰਾ ਅਤੇ ਵਿੱਕੀ ਪਹਿਲਵਾਨ ਦੇ ਨਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਗੁਰਵਿੰਦਰ ਉਨ੍ਹਾਂ ਦੇ ਭਰਾ ਗੁਰਲਾਲ ਬਰਾੜ ਦੇ ਕਤਲ ਵਿੱਚ ਸ਼ਾਮਲ ਸੀ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਪੁਲਿਸ ਤੋਂ ਇਨਸਾਫ਼ ਦੀ ਉਮੀਦ ਨਾ ਹੋਣ ਕਾਰਨ ਉਨ੍ਹਾਂ ਨੇ ਖੁਦ ਇਨਸਾਫ਼ ਲਿਆ ਹੈ ਅਤੇ ਬਾਕੀ ਦੁਸ਼ਮਣਾਂ ਨੂੰ ਵੀ ਤਿਆਰ ਰਹਿਣ ਦੀ ਧਮਕੀ ਦਿੱਤੀ ਗਈ ਹੈ।
ਪੁਲਿਸ ਪ੍ਰਸ਼ਾਸਨ ਇਸ ਵਾਇਰਲ ਆਡੀਓ ਅਤੇ ਸੋਸ਼ਲ ਮੀਡੀਆ ਪੋਸਟਾਂ ਦੀ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ ਅਤੇ ਸੂਬੇ ਭਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
Get all latest content delivered to your email a few times a month.