ਤਾਜਾ ਖਬਰਾਂ
ਪੰਜਾਬੀ ਥੀਏਟਰ ਅਤੇ ਸਾਹਿਤਕ ਜਗਤ ਦੇ ਮਸ਼ਹੂਰ ਨਾਂ, ਪੰਜਾਬ ਗੌਰਵ ਸਮੇਤ ਅਣਗਿਣਤ ਸਨਮਾਨਾਂ ਨਾਲ ਨਿਵਾਜੇ ਗਏ ਉੱਘੇ ਨਾਟਕਕਾਰ ਜਤਿੰਦਰ ਬਰਾੜ ਦਾ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਕਲਾ, ਰੰਗਮੰਚ ਅਤੇ ਸਾਹਿਤ ਦੀ ਦੁਨੀਆ ਵਿੱਚ ਇੱਕ ਅਜਿਹਾ ਖਾਲੀਪਣ ਪੈਦਾ ਹੋ ਗਿਆ ਹੈ, ਜਿਸਦੀ ਭਰਪਾਈ ਕਰਨਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਲੱਗਦਾ ਹੈ।
ਜਤਿੰਦਰ ਬਰਾੜ ਸਿਰਫ਼ ਇੱਕ ਨਾਟਕਕਾਰ ਨਹੀਂ ਸਨ, ਸਗੋਂ ਉਹ ਆਪਣੇ ਆਪ ਵਿੱਚ ਇੱਕ ਚਲਦੀ-ਫਿਰਦੀ ਸੰਸਥਾ ਸਨ। ਉਨ੍ਹਾਂ ਦਾ ਪੂਰਾ ਜੀਵਨ ਨਾਟਕ, ਕਲਾ ਅਤੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਰਿਹਾ। “ਹਮ ਅਕੇਲੇ ਹੀ ਚਲੇ ਥੇ ਜਾਨਿਬ-ਏ-ਮੰਜਿਲ, ਮਗਰ ਲੋਕੋ ਮਿਲਤੇ ਜਾਤੇ ਔਰ ਕਾਫ਼ਲਾ ਬਣਤਾ ਗਿਆ”—ਉਨ੍ਹਾਂ ਦੀ ਜ਼ਿੰਦਗੀ ਦਾ ਇਹ ਫ਼ਲਸਫ਼ਾ ਉਨ੍ਹਾਂ ਦੇ ਨਾਟਕੀ ਸਫ਼ਰ ਨੂੰ ਬਾਖ਼ੂਬੀ ਬਿਆਨ ਕਰਦਾ ਹੈ।
ਪੇਂਡੂ ਪਿਛੋਕੜ ਵਿੱਚ ਜਨਮੇ ਜਤਿੰਦਰ ਬਰਾੜ ਦੇ ਪਿਤਾ ਸਿੰਚਾਈ ਵਿਭਾਗ ਵਿੱਚ ਸੇਵਾ ਨਿਭਾਉਂਦੇ ਸਨ, ਜਿਸ ਕਾਰਨ ਪਰਿਵਾਰ ਨੂੰ ਅਕਸਰ ਦੁਰੇੜੇ ਅਤੇ ਮੁਸ਼ਕਲ ਇਲਾਕਿਆਂ ਵਿੱਚ ਰਹਿਣਾ ਪੈਂਦਾ ਸੀ। ਪਿਤਾ ਦੇ ਸਖ਼ਤ ਅਨੁਸ਼ਾਸਨ ਅਤੇ ਲਗਾਤਾਰ ਤਬਾਦਲਿਆਂ ਨੇ ਬਰਾੜ ਨੂੰ ਜੀਵਨ ਦੀਆਂ ਔਖੀਆਂ ਸਥਿਤੀਆਂ ਨਾਲ ਲੜਨ ਲਈ ਤਿਆਰ ਕੀਤਾ ਅਤੇ ਉਨ੍ਹਾਂ ਦੇ ਅੰਦਰ ਦਲੇਰੀ ਤੇ ਸੰਘਰਸ਼ ਦੀ ਸੋਚ ਪੈਦਾ ਕੀਤੀ।
ਨਾਟਕ ਦੀਆਂ ਬੁਨਿਆਦੀ ਜਾਣਕਾਰੀਆਂ ਤੋਂ ਬਿਨਾਂ ਹੀ ਉਨ੍ਹਾਂ ਨੇ 1965 ਵਿੱਚ ਸਕੂਲੀ ਦੌਰਾਨ “ਡਾਰਮਿਟਰੀ” ਨਾਂ ਦਾ ਆਪਣਾ ਪਹਿਲਾ ਨਾਟਕ ਮੰਚਿਤ ਕੀਤਾ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਅਤੇ ਨੌਕਰੀ ਦੀ ਖੋਜ ਵਿੱਚ ਭਟਕਦੇ ਰਹੇ। 1968 ਵਿੱਚ ਬਟਾਲਾ ਵਿੱਚ ਨੌਕਰੀ ਦੌਰਾਨ ਉਨ੍ਹਾਂ ਨੇ ਮਜ਼ਦੂਰਾਂ ਦੀ ਦੁਰਦਸ਼ਾ ’ਤੇ ਆਧਾਰਿਤ “ਆਇਰਨ ਫਰਨੇਸ” ਲਿਖਿਆ, ਜੋ ਉਨ੍ਹਾਂ ਦੇ ਜੀਵਨ ਦਾ ਇੱਕ ਨਵਾਂ ਮੋੜ ਸਾਬਤ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਛੱਡ ਕੇ ਪੂਰੀ ਤਰ੍ਹਾਂ ਨਾਟਕ ਅਤੇ ਸੰਘਰਸ਼ ਨੂੰ ਆਪਣੀ ਜ਼ਿੰਦਗੀ ਬਣਾਇਆ।
ਭਾਈ ਗੁਰਸ਼ਰਨ ਸਿੰਘ ਵਰਗੀਆਂ ਮਹਾਨ ਥੀਏਟਰ ਸ਼ਖਸੀਅਤਾਂ ਨਾਲ ਜੁੜ ਕੇ ਬਰਾੜ ਨੇ ਆਪਣੀ ਕਲਾ ਨੂੰ ਹੋਰ ਨਿਖਾਰਿਆ। 1998 ਵਿੱਚ ਖਾਲਸਾ ਕਾਲਜ ਦੇ ਸਾਹਮਣੇ ਇੱਕ ਫੈਕਟਰੀ ਵਿੱਚ ਓਪਨ-ਏਅਰ ਥੀਏਟਰ ਦੀ ਸਥਾਪਨਾ ਕਰਕੇ ਉਨ੍ਹਾਂ ਨੇ ਪੰਜਾਬੀ ਰੰਗਮੰਚ ਨੂੰ ਇੱਕ ਨਵੀਂ ਦਿਸ਼ਾ ਦਿੱਤੀ। “ਕੁਦੇਸਨ”, “ਪਾਸਨਾਚ”, “ਫਾਸਲੇ”, “ਮਿਰਚ-ਮਸਾਲਾ”, “ਮਿਰਜ਼ਾ ਸਾਹਿਬਾ”, “ਸਾਕਾ ਜਲ੍ਹਿਆਂਵਾਲਾ ਬਾਗ” ਵਰਗੇ ਅਨੇਕਾਂ ਨਾਟਕ ਉਨ੍ਹਾਂ ਦੀ ਰਚਨਾਤਮਕ ਸਮਰੱਥਾ ਦਾ ਜੀਤਾ-ਜਾਗਦਾ ਸਬੂਤ ਹਨ।
ਜਤਿੰਦਰ ਬਰਾੜ ਵੱਲੋਂ ਸਥਾਪਿਤ ਪੰਜਾਬ ਥੀਏਟਰ ਅੱਜ ਨਾ ਸਿਰਫ਼ ਦੇਸ਼ ਵਿੱਚ, ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਵਿਲੱਖਣ ਪਹਿਚਾਣ ਬਣਾਈ ਹੋਈ ਹੈ। ਇੱਥੋਂ ਕਪਿਲ ਸ਼ਰਮਾ, ਭਾਰਤੀ ਸਿੰਘ, ਰਾਜੀਵ ਠਾਕੁਰ ਅਤੇ ਚੰਦਨ ਪ੍ਰਭਾਕਰ ਵਰਗੇ ਕਈ ਪ੍ਰਸਿੱਧ ਕਲਾਕਾਰਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ। ਕਲਾ ਪ੍ਰਤੀ ਉਨ੍ਹਾਂ ਦੀ ਨਿਸ਼ਕਾਮ ਸੇਵਾ ਅਤੇ ਸਮਰਪਣ ਸਦਾ ਯਾਦ ਰੱਖਿਆ ਜਾਵੇਗਾ।
ਭਾਵੇਂ ਅੱਜ ਜਤਿੰਦਰ ਬਰਾੜ ਸਾਡੇ ਵਿਚਕਾਰ ਸਰੀਰਕ ਤੌਰ ’ਤੇ ਮੌਜੂਦ ਨਹੀਂ, ਪਰ ਉਨ੍ਹਾਂ ਦੀ ਕਲਾ, ਵਿਚਾਰਧਾਰਾ ਅਤੇ ਲਿਖਤਾਂ ਸਦਾ ਪੰਜਾਬੀ ਰੰਗਮੰਚ ਨੂੰ ਰਾਹ ਦਿਖਾਉਂਦੀਆਂ ਰਹਿਣਗੀਆਂ। ਉਨ੍ਹਾਂ ਦਾ ਦੇਹਾਂਤ ਪੰਜਾਬੀ ਕਲਾ ਜਗਤ ਲਈ ਇੱਕ ਅਪੂਰਣਯੋਗ ਘਾਟਾ ਹੈ।
Get all latest content delivered to your email a few times a month.