IMG-LOGO
ਹੋਮ ਪੰਜਾਬ: ਸਰਕਾਰੀ ਸਕੂਲਾਂ ਨੂੰ ਰਿਕਾਰਡ ਹੁੰਗਾਰਾ ਮਿਲਣਾ ਭਗਵੰਤ ਮਾਨ ਸਰਕਾਰ ਦੀ...

ਸਰਕਾਰੀ ਸਕੂਲਾਂ ਨੂੰ ਰਿਕਾਰਡ ਹੁੰਗਾਰਾ ਮਿਲਣਾ ਭਗਵੰਤ ਮਾਨ ਸਰਕਾਰ ਦੀ “ਸਿੱਖਿਆ ਕ੍ਰਾਂਤੀ” ‘ਤੇ ਮਾਪਿਆਂ ਦੇ ਵਧਦੇ ਭਰੋਸੇ ਦਾ ਸਬੂਤ: ਹਰਜੋਤ ਸਿੰਘ ਬੈਂਸ

Admin User - Jan 23, 2026 05:38 PM
IMG

ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਥੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ 'ਸਿੱਖਿਆ ਕ੍ਰਾਂਤੀ' ਅਧੀਨ ਪਹਿਲਕਦਮੀਆਂ ਦੇ ਉਸਾਰੂ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਸਕੂਲ ਆਫ਼ ਐਮੀਨੈਂਸ (ਐਸ.ਓ.ਈ.) ਤੇ ਰੈਜ਼ੀਡੈਂਸ਼ੀਅਲ ਸਕੂਲਜ਼ ਫਾਰ ਮੈਰੀਟੋਰੀਅਸ ਸਟੂਡੈਂਟਸ (ਆਰ.ਐਸ.ਐਮ.ਐਸ.) ਵਿੱਚ ਦਾਖ਼ਲਿਆਂ ਪ੍ਰਤੀ ਭਾਰੀ ਹੁੰਗਾਰਾ ਮਿਲਣਾ ਸਰਕਾਰੀ ਸਕੂਲਾਂ ਦੀ ਸਿੱਖਿਆ ਵਿੱਚ ਵਿਦਿਆਰਥੀਆਂ ਦੇ ਵਧ ਰਹੇ ਵਿਸ਼ਵਾਸ ਦਾ ਸਪੱਸ਼ਟ ਪ੍ਰਮਾਣ ਹੈ। 

ਸਿੱਖਿਆ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਵੱਕਾਰੀ ਸੰਸਥਾਵਾਂ ਵਿੱਚ 9ਵੀਂ ਅਤੇ 11ਵੀਂ ਜਮਾਤ ਵਿੱਚ ਦਾਖ਼ਲੇ ਲਈ 2 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟਰ ਕੀਤਾ ਹੈ, ਜੋ ਕਰੀਬ 20,000 ਉਪਲਬਧ ਸੀਟਾਂ ਲਈ ਮੁਕਾਬਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਪਲੱਬਧ ਸੀਟਾਂ ਦੇ ਸਨਮੁਖ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਰਜਿਸਟਰ ਕਰਨਾ ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਮਿਆਰੀ ਸਿੱਖਿਆ ਪ੍ਰਤੀ ਮਾਪਿਆਂ ਅਤੇ ਵਿਦਿਆਰਥੀਆਂ ਦੇ ਭਰੋਸੇ ਨੂੰ ਦਰਸਾਉਂਦਾ ਹੈ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਰਾਜ ਵਿੱਚ ਇਸ ਵੇਲੇ 118 ਸਕੂਲ ਆਫ਼ ਐਮੀਨੈਂਸ ਅਤੇ 10 ਰੈਜ਼ੀਡੈਂਸ਼ੀਅਲ ਸਕੂਲ ਹਨ, ਜਿੱਥੇ ਅਕਾਦਮਿਕ ਸੈਸ਼ਨ 2026-27 ਲਈ ਦਾਖ਼ਲੇ ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਹਨ।

ਸੀਟਾਂ ਦੀ ਉਪਲਬਧਤਾ ਦੇ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ 9ਵੀਂ ਜਮਾਤ ਲਈ ਸਕੂਲ ਆਫ਼ ਐਮੀਨੈਂਸ ਵਿੱਚ ਕੁੱਲ 4,248 ਸੀਟਾਂ ਉਪਲਬਧ ਹਨ, ਜਿਸ ਵਿੱਚ ਪ੍ਰਤੀ ਸਕੂਲ 36 ਸੀਟਾਂ ਹਨ, ਜਦੋਂ ਕਿ ਮੈਰੀਟੋਰੀਅਸ ਵਿਦਿਆਰਥੀਆਂ ਲਈ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਮੌਜੂਦਾ ਸਮੇਂ 50 ਸੀਟਾਂ ਉਪਲਬਧ ਹਨ।

ਇਸੇ ਤਰ੍ਹਾਂ 11ਵੀਂ ਜਮਾਤ ਲਈ ਸਕੂਲ ਆਫ਼ ਐਮੀਨੈਂਸ ਵਿੱਚ 11,187 ਸੀਟਾਂ ਉਪਲਬਧ ਹਨ। ਉਨ੍ਹਾਂ ਦੱਸਿਆ ਕਿ 11ਵੀਂ ਜਮਾਤ ਲਈ ਕੁੱਲ ਮਨਜ਼ੂਰਸ਼ੁਦਾ ਦਾਖ਼ਲਾ ਸੀਟਾਂ 15,104 ਹਨ, ਜਿਨ੍ਹਾਂ ਵਿੱਚੋਂ ਸਕੂਲ ਆਫ਼ ਐਮੀਨੈਂਸ ਵਿੱਚ ਪੜ੍ਹ ਰਹੇ 10ਵੀਂ ਜਮਾਤ ਦੇ 3,917 ਵਿਦਿਆਰਥੀਆਂ ਨੂੰ 11ਵੀਂ ਜਮਾਤ ਵਿੱਚ ਇਨ੍ਹਾਂ ਸੀਟਾਂ ਦੇ ਸਨਮੁਖ ਪ੍ਰਮੋਟ ਕੀਤਾ ਜਾਵੇਗਾ। ਇਸ ਤੋਂ ਇਲਾਵਾ 11ਵੀਂ ਜਮਾਤ ਦੇ ਦਾਖ਼ਲਿਆਂ ਵਾਸਤੇ ਮੈਰੀਟੋਰੀਅਸ ਵਿਦਿਆਰਥੀਆਂ ਲਈ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ 4,600 ਸੀਟਾਂ ਉਪਲਬਧ ਹਨ।

ਰਜਿਸਟ੍ਰੇਸ਼ਨ ਦੀ ਸਥਿਤੀ ਬਾਰੇ ਗੱਲ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ 9ਵੀਂ ਜਮਾਤ ਦੇ ਦਾਖ਼ਲਿਆਂ ਲਈ 93,300 ਵਿਦਿਆਰਥੀਆਂ ਨੇ ਰਜਿਸਟਰ ਕੀਤਾ ਹੈ, ਜਿਨ੍ਹਾਂ ਵਿੱਚੋਂ 74,855 ਅਰਜ਼ੀਆਂ ਸਫ਼ਲਤਾਪੂਰਵਕ ਜਮ੍ਹਾਂ ਹੋ ਗਈਆਂ ਹਨ। ਇਸੇ ਤਰ੍ਹਾਂ 11ਵੀਂ ਜਮਾਤ ਲਈ ਹੁਣ ਤੱਕ 1,10,716 ਵਿਦਿਆਰਥੀਆਂ ਨੇ ਰਜਿਸਟਰ ਕੀਤਾ ਹੈ, ਜਿਨ੍ਹਾਂ ਵਿੱਚੋਂ 92,624 ਅਰਜ਼ੀਆਂ ਸਫ਼ਲਤਾਪੂਰਵਕ ਜਮ੍ਹਾਂ ਹੋ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਦੋਵਾਂ ਜਮਾਤਾਂ ਦੇ 36,537 ਵਿਦਿਆਰਥੀ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਨ ਦੇ ਅੰਤਿਮ ਪੜਾਅ ‘ਤੇ ਹਨ।

ਵਿਦਿਆਰਥੀਆਂ ਅਤੇ ਮਾਪਿਆਂ ਨੂੰ ਦਾਖ਼ਲਾ ਪ੍ਰਕਿਰਿਆ ਨੂੰ ਸਮੇਂ ਸਿਰ ਪੂਰਾ ਕਰਨ ਦੀ ਅਪੀਲ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਰਜ਼ੀਆਂ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 25 ਜਨਵਰੀ, 2026 ਹੈ, ਜਦੋਂ ਕਿ ਦਾਖ਼ਲਾ ਪ੍ਰੀਖਿਆ 1 ਮਾਰਚ, 2026 ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਦਾਖ਼ਲਾ ਕਾਰਡਾਂ ਅਤੇ ਪ੍ਰੀਖਿਆ ਕੇਂਦਰਾਂ ਬਾਰੇ ਹੋਰ ਵੇਰਵੇ ਸਮੇਂ ਸਿਰ ਅਧਿਕਾਰਤ ਚੈਨਲਾਂ ਰਾਹੀਂ ਸਾਂਝੇ ਕੀਤੇ ਜਾਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.