ਤਾਜਾ ਖਬਰਾਂ
ਚੰਡੀਗੜ੍ਹ, 22 ਜਨਵਰੀ:
ਗਣਤੰਤਰ ਦਿਵਸ ਪਰੇਡ- 2026 ਲਈ ਪੰਜਾਬ ਸਰਕਾਰ ਦੁਆਰਾ ਤਿਆਰ ਕੀਤੀ ਗਈ ਝਾਕੀ ਮਨੁੱਖੀ ਏਕਤਾ, ਦਇਆ-ਭਾਵਨਾ ਅਤੇ ਧਾਰਮਿਕ ਕਦਰਾਂ-ਕੀਮਤਾਂ ਦੇ ਉੱਚਤਮ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਅਧਿਆਤਮਕਤਾ ਅਤੇ ਕੁਰਬਾਨੀ ਦੀ ਨਿਰਸਵਾਰਥ ਭਾਵਨਾ ਦਾ ਵਿਲੱਖਣ ਪ੍ਰਤੀਕ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਝਾਕੀ ਦੇ ਦੋ ਹਿੱਸੇ ਹਨ- ਟਰੈਕਟਰ ਅਤੇ ਟ੍ਰੇਲਰ।
ਝਾਕੀ ਦੇ ਟਰੈਕਟਰ ਹਿੱਸੇ ਵਿੱਚ ਹੱਥ ਦਾ ਨਿਸ਼ਾਨ ਬਣਿਆ ਹੋਇਆ ਹੈ ਜੋ ਮਨੁੱਖਤਾਵਾਦੀ ਅਤੇ ਦਇਆ-ਭਾਵਨਾ ਵਾਲੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਿਆਂ ਅਧਿਆਤਮਿਕਤਾ ਦਾ ਚਾਨਣ ਬਿਖੇਰਦਾ ਹੈ। ਇਸਦੇ ਨਾਲ ਹੀ ਇਸਦੇ ਮੂਹਰਲੇ ਹਿੱਸੇ ਵਿੱਚ 'ਏਕ ਓਂਕਾਰ' (ਪਰਮਾਤਮਾ ਇੱਕ ਹੈ) ਦਾ ਨਿਸ਼ਾਨ, ਜਿਸਨੂੰ ਘੁੰਮਦੇ ਹੋਏ ਦਿਖਾਇਆ ਗਿਆ ਹੈ ਅਤੇ ਕੱਪੜੇ ਦਾ ਇੱਕ ਟੁਕੜਾ ਜਿਸ 'ਤੇ 'ਹਿੰਦ ਦੀ ਚਾਦਰ' ਦੀ ਉਕਰੀ ਹੋਈ ਲਿਖਤ ਹੈ, ਜੋ ਜ਼ੁਲਮ ਤੋਂ ਰਾਖੀ ਦੀ ਗੁਹਾਰ ਲਾਉਣ ਵਾਲਿਆਂ ਲਈ ਸੁਰੱਖਿਆ ਦਾ ਪ੍ਰਤੀਕ ਹੈ।
ਟ੍ਰੇਲਰ ਵਾਲੇ ਹਿੱਸੇ ਵਿੱਚ ਰਾਗੀ ਸਿੰਘਾਂ ਦੁਆਰਾ "ਸ਼ਬਦ ਕੀਰਤਨ" ਕੀਤਾ ਜਾ ਰਿਹਾ ਹੈ ਜਿਸਦੇ ਪਿੱਛਲੇ ਹਿੱਸੇ ਵਿੱਚ "ਖੰਡਾ ਸਾਹਿਬ" ਦਾ ਨਿਸ਼ਾਨ ਹੈ ਜੋ ਸਮੁੱਚੇ ਆਲੇ ਦੁਆਲੇ ਨੂੰ ਇੱਕ ਅਲੌਕਿਕ ਤੇ ਅਧਿਆਤਮਕ ਰੰਗਤ ਵਿੱਚ ਰੰਗਦਾ ਹੈ। ਇਹ ਅਸਥਾਨ ਦਿੱਲੀ ਦੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦੇ ਬਿਲਕੁਲ ਸਾਹਮਣੇ ਸੁਸ਼ੋਭਿਤ ਹੈ ਅਤੇ ਇਸ ਚੌਕ 'ਤੇ ਰੋਜ਼ਾਨਾ ਸ਼ਬਦ ਕੀਰਤਨ ਹੁੰਦਾ ਹੈ।
ਟ੍ਰੇਲਰ ਵਾਲੇ ਹਿੱਸੇ ਦੇ ਕਿਨਾਰੇ 'ਤੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦਾ ਮਾਡਲ ਸੁਸ਼ੋਭਿਤ ਹੈ, ਜਿਸ ਅਸਥਾਨ ਵਿਖੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ।
ਸਾਈਡ ਪੈਨਲ ਗੁਰੂ ਸਾਹਿਬ ਦੇ ਸ਼ਰਧਾਲੂ ਸਿੱਖਾਂ ਭਾਈ ਮਤੀ ਦਾਸ ਜੀ, ਜਿਨ੍ਹਾਂ ਨੂੰ ਜ਼ਿੰਦਾ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਸੀ, ਭਾਈ ਸਤੀ ਦਾਸ ਜੀ, ਜਿਨ੍ਹਾਂ ਨੂੰ ਉੱਨ ਵਿੱਚ ਲਪੇਟ ਕੇ ਜ਼ਿੰਦਾ ਸਾੜ ਦਿੱਤਾ ਗਿਆ ਸੀ ਅਤੇ ਭਾਈ ਦਿਆਲਾ ਜੀ, ਜਿਨ੍ਹਾਂ ਨੂੰ ਉਬਲਦੀ ਦੇਗ ਵਿੱਚ ਪਾ ਕੇ ਸ਼ਹੀਦ ਕੀਤਾ ਗਿਆ ਸੀ, ਦੀ ਸ਼ਹਾਦਤ ਨੂੰ ਦਰਸਾਉਂਦੇ ਹਨ। ਇਹ ਸਿੱਖ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸਮਰਪਿਤ ਸ਼ਰਧਾਲੂ ਸਨ ਅਤੇ ਗੁਰੂ ਸਾਹਿਬ ਦੇ ਉੱਚਤਮ ਆਦਰਸ਼ਾਂ ਦੀ ਨਿਤਨੇਮ ਨਾਲ ਪਾਲਣਾ ਕਰਦੇ ਹੋਏ ਉਨ੍ਹਾਂ ਨੇ ਸ਼ਹਾਦਤ ਦਾ ਰਾਹ ਚੁਣਿਆ। ਬੁਲਾਰੇ ਨੇ ਅੱਗੇ ਕਿਹਾ ਕਿ ਇਨ੍ਹਾਂ ਸਿੱਖ ਸ਼ਰਧਾਲੂਆਂ ਦੀ ਸ਼ਹਾਦਤ ਨੇ ਮਨੁੱਖਤਾ ਲਈ ਇੱਕ ਅਲੌਕਿਕ ਮਿਸਾਲ ਕਾਇਮ ਕੀਤੀ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ 23 ਨਵੰਬਰ ਤੋਂ 29 ਨਵੰਬਰ, 2025 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਗਿਆ ਸੀ, ਜਿਸ ਦੌਰਾਨ ਵੱਖ-ਵੱਖ ਧਾਰਮਿਕ ਸਮਾਗਮ ਪੂਰੀ ਸ਼ਰਧਾ-ਭਾਵਨਾ ਤੇ ਧਾਰਮਿਕ ਜਾਹੋ-ਜਲਾਲ ਨਾਲ ਕਰਵਾਏ ਗਏ।
ਸੂਬਾ ਸਰਕਾਰ ਨੇ ਪਹਿਲੀ ਵਾਰ ਭਾਈ ਜੈਤਾ ਜੀ ਯਾਦਗਾਰ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕਰਵਾਇਆ ਜਿਸ ਨਾਲ ਇਹ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਵਿਲੱਖਣ ਸਮਾਗਮ ਬਣ ਗਿਆ ਹੈ।
ਧਾਰਮਿਕ ਸਮਾਗਮ 25 ਅਕਤੂਬਰ, 2025 ਨੂੰ ਨਵੀਂ ਦਿੱਲੀ ਦੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਅਰਦਾਸ ਨਾਲ ਸ਼ੁਰੂ ਹੋਏ। ਇਸੇ ਤਰ੍ਹਾਂ ਸ੍ਰੀਨਗਰ (ਜੰਮੂ ਤੇ ਕਸ਼ਮੀਰ), ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਫਰੀਦਕੋਟ ਅਤੇ ਗੁਰਦਾਸਪੁਰ ਤੋਂ ਨਗਰ ਕੀਰਤਨ ਚੱਲ ਕੇ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਏ। ਇਸ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਨਗਰ ਕੀਰਤਨ ਅਤੇ ਧਾਰਮਿਕ ਸਮਾਗਮ ਕਰਵਾਏ ਗਏ।
Get all latest content delivered to your email a few times a month.