IMG-LOGO
ਹੋਮ ਪੰਜਾਬ: ਭਾਰਤ 'ਚ ਵੋਟਾਂ ਦੀ ਗਿਣਤੀ ਸਿਰਫ਼ ਪ੍ਰਕਿਰਿਆਤਮਕ ਅਭਿਆਸ ਨਹੀਂ ਸਗੋਂ...

ਭਾਰਤ 'ਚ ਵੋਟਾਂ ਦੀ ਗਿਣਤੀ ਸਿਰਫ਼ ਪ੍ਰਕਿਰਿਆਤਮਕ ਅਭਿਆਸ ਨਹੀਂ ਸਗੋਂ ਸੰਸਥਾਗਤ ਵਿਸ਼ਵਾਸ-ਨਿਰਮਾਣ ਪ੍ਰਕਿਰਿਆ : ਮੁੱਖ ਚੋਣ ਅਧਿਕਾਰੀ ਪੰਜਾਬ

Admin User - Jan 22, 2026 06:57 PM
IMG

ਚੰਡੀਗੜ੍ਹ, 22 ਜਨਵਰੀ:

ਸਾਲ 2025 ਦੇ ਸ਼ੁਰੂ ਤੱਕ ਰਜਿਸਟਰਡ ਹੋਏ ਲਗਭਗ 991 ਮਿਲੀਅਨ ਵੋਟਰਾਂ ਦੇ ਨਾਲ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਅਤੇ ਗੁੰਝਲਦਾਰ ਲੋਕਤੰਤਰੀ ਅਭਿਆਸ ਨੂੰ ਅੰਜਾਮ ਦਿੰਦਾ ਹੈ । ਹਰ ਵੋਟ ਦੀ ਸਹੀ ਅਤੇ ਪਾਰਦਰਸ਼ੀ ਢੰਗ ਨਾਲ ਗਿਣਤੀ  ਯਕੀਨੀ ਬਣਾਉਣਾ ਹੀ ਭਾਰਤ ਦੇ ਚੋਣ ਲੋਕਤੰਤਰੀ ਢਾਂਚੇ ਦਾ ਆਧਾਰ ਰਿਹਾ ਹੈ।

ਨਵੀਂ ਦਿੱਲੀ ਵਿੱਚ ਲੋਕਤੰਤਰ ਅਤੇ ਚੋਣ ਪ੍ਰਬੰਧਨ ’ਤੇ ਅੰਤਰਰਾਸ਼ਟਰੀ ਕਾਨਫਰੰਸ (ਆਈ.ਆਈ.ਸੀ.ਡੀ.ਈ.ਐਮ.) 2026 ਵਿੱਚ ਚੋਣ ਪ੍ਰਕਿਰਿਆ ਦੇ ਅਹਿਮ ਪੜਾਅ ਵਜੋਂ ਵੋਟ  ਗਿਣਤੀ ਦੀ ਮਹੱਤਤਾ ਬਾਰੇ ਬੋਲਦਿਆਂ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੀ ਵੋਟਾਂ ਦੀ ਗਿਣਤੀ ਇੱਕ ਮਜ਼ਬੂਤ ਸੰਵਿਧਾਨਕ ਫ਼ਤਵੇ ਅਤੇ ਲੋਕ ਪ੍ਰਤੀਨਿਧਤਾ ਐਕਟ, 1951 ਅਤੇ ਕੰਡਕਟ ਆਫ਼ ਇਲੈਕਸ਼ਨ ਰੂਲਜ਼, 1961 ਤਹਿਤ ਵਿਆਪਕ ਕਾਨੂੰਨੀ ਢਾਂਚੇ ਦੁਆਰਾ ਕੀਤੀ ਜਾਂਦੀ ਹੈ। ਇਹ ਵਿਵਸਥਾਵਾਂ ਦੇਸ਼ ਭਰ ਵਿੱਚ ਚੋਣ ਨਤੀਜਿਆਂ ਦੀ ਘੋਸ਼ਣਾ ਦੌਰਾਨ ਇਕਸਾਰਤਾ, ਨਿਰੰਤਰਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਂਦੀਆਂ ਹਨ।

ਭਾਰਤ ਦਾ ਪੇਪਰ ਬੈਲਟ ਤੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼), ਜੋ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਪ੍ਰਣਾਲੀਆਂ ਨਾਲ ਲੈਸ ਹਨ, ਵੱਲ ਤਬਦੀਲ ਹੋਣ ਨਾਲ ਪਾਰਦਰਸ਼ਤਾ, ਕੁਸ਼ਲਤਾ ਅਤੇ ਵੋਟਰ ਵਿਸ਼ਵਾਸ  ਵਧਿਆ ਹੈ। ਵੋਟਾਂ ਦੀ ਗਿਣਤੀ ਇੱਕ ਬਹੁਤ ਹੀ ਨਿਯੰਤ੍ਰਿਤ ਮਾਹੌਲ ਵਿੱਚ ਕੀਤੀ ਜਾਂਦੀ ਹੈ ਜਿਸ ਵਿੱਚ ਗਿਣਤੀ ਕੇਂਦਰਾਂ ਦੀ ਸੁਚੱਜੀ ਯੋਜਨਾਬੰਦੀ, ਗਿਣਤੀ ਲਈ ਗਿਣੀਆਂ-ਮਿੱਥੀਆਂ ਮੇਜ਼ਾਂ ਅਤੇ ਉਮੀਦਵਾਰਾਂ ਜਾਂ ਉਨ੍ਹਾਂ ਦੇ ਅਧਿਕਾਰਤ ਗਿਣਤੀ ਏਜੰਟਾਂ ਦੀ ਲਾਜ਼ਮੀ ਮੌਜੂਦਗੀ ਯਕੀਨੀ ਬਣਾਈ ਜਾਂਦੀ ਹੈ।

ਮੁੱਖ ਚੋਣ ਅਧਿਕਾਰੀ, ਪੰਜਾਬ ਦੀ ਪ੍ਰਧਾਨਗੀ ਹੇਠ ਹੋਏ ਇੱਕ ਸੈਸ਼ਨ ਦੌਰਾਨ ਬੋਲਦਿਆਂ ਉਨ੍ਹਾਂ ਦੱਸਿਆ ਕਿ ਈ.ਵੀ.ਐਮ. ਅਤੇ ਵੀ.ਵੀ.ਪੀ.ਏ.ਟੀ. ਦੀ ਸੁਰੱਖਿਆ ਬਹੁ-ਪੱਧਰੀ ਪ੍ਰਬੰਧਾਂ ਦੁਆਰਾ ਯਕੀਨੀ ਬਣਾਈ ਜਾਂਦੀ ਹੈ, ਜਿਸ ਵਿੱਚ ਸੁਰੱਖਿਅਤ ਆਵਾਜਾਈ, ਸੀਲਿੰਗ ਪ੍ਰੋਟੋਕੋਲ, ਚੌਵੀ ਘੰਟੇ ਸੀਸੀਟੀਵੀ ਨਿਗਰਾਨੀ ਅਤੇ ਸਟਰਾਂਗ ਰੂਮਾਂ ਵਿੱਚ ਕੇਂਦਰੀ ਅਤੇ ਰਾਜ ਸੁਰੱਖਿਆ ਬਲਾਂ ਦੀ ਤਾਇਨਾਤੀ ਸ਼ਾਮਲ ਹੈ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਨਿਰੀਖਕ ਪੂਰੀ ਨਿਰਪੱਖਤਾ ਅਤੇ ਨਿਯਮਾਂ ਦੀ ਸਖ਼ਤੀ  ਪਾਲਣਾ ਨੂੰ ਯਕੀਨੀ ਬਣਾਉਣ ਲਈ ਸਾਰੀ ਪ੍ਰਕਿਰਿਆ ਦੀ ਨੇੜਿਓਂ ਨਿਗਰਾਨੀ ਕਰਦੇ ਹਨ।

‘ਹਰ ਵੋਟ ਮਾਇਨੇ ਰੱਖਦੀ ਹੈ’ ’ਤੇ ਜ਼ੋਰ ਦਿੰਦਿਆਂ ਮੁੱਖ ਚੋਣ ਅਧਿਕਾਰੀ ਪੰਜਾਬ ਨੇ ਕਿਹਾ ਕਿ ਵੋਟਾਂ ਦੀ ਆਜ਼ਾਦ ਅਤੇ ਨਿਰਪੱਖ ਗਿਣਤੀ ਚੁਣੀ ਹੋਈ ਸਰਕਾਰ ਦੀ ਸਮਾਨਤਾ, ਸਮਾਵੇਸ਼ ਅਤੇ ਜਾਇਜ਼ਤਾ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਦੀ ਹੈ। ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ ਕਿ ਬਜ਼ੁਰਗ ਵੋਟਰਾਂ, ਦਿਵਿਆਂਗਜਨਾ ਅਤੇ ਹਾਸ਼ੀਏ ’ਤੇ ਧੱਕੇ ਹੋਰ ਸਮੂਹਾਂ ਦਾ ਫ਼ਤਵਾ ਵੀ ਅੰਤਿਮ ਨਤੀਜੇ ਵਿੱਚ ਵਾਜਿਬ ਢੰਗ ਨਾਲ ਸ਼ਾਮਲ ਹੋਵੇ।

ਜ਼ਿਕਰਯੋਗ ਹੈ ਕਿ ਗ਼ਲਤ ਜਾਣਕਾਰੀ, ਲੰਬੇ ਸਮੇਂ ਤੱਕ ਗਿਣਤੀ ਕਰਨ ਦੌਰਾਨ ਸਟਾਫ ਦੀ ਥਕਾਵਟ, ਤਕਨੀਕੀ ਦਿੱਕਤਾਂ ਅਤੇ ਮੌਸਮ ਦੀ ਖ਼ਰਾਬੀ  ਵਰਗੀਆਂ ਅਚਨਚੇਤ ਚੁਣੌਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਚੋਣ ਕਮਿਸ਼ਨ, ਗਿਣਤੀ ਪ੍ਰਕਿਰਿਆ ਦੀ ਮਜ਼ਬੂਤੀ ਨੂੰ ਬਣਾਈ ਰੱਖਣ ਲਈ ਸਿਖਲਾਈ, ਲੌਜਿਸਟਿਕਸ ਅਤੇ ਤਕਨੀਕੀ ਸੁਰੱਖਿਆ ਨੂੰ ਲਗਾਤਾਰ ਮਜ਼ਬੂਤ ਕਰਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਵੋਟਾਂ ਦੀ ਗਿਣਤੀ ਸਿਰਫ਼ ਇੱਕ ਪ੍ਰਕਿਰਿਆਤਮਕ ਅਭਿਆਸ ਨਹੀਂ  ਸਗੋਂ ਇੱਕ ਸੰਸਥਾਗਤ ਵਿਸ਼ਵਾਸ-ਨਿਰਮਾਣ ਪ੍ਰਕਿਰਿਆ ਹੈ, ਜੋ ਲੋਕਤੰਤਰ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਦੀ ਹੈ। ਚੋਣ ਕਮਿਸ਼ਨ ਹਰ ਨਾਗਰਿਕ ਨੂੰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਉਸ ਦੀ ਵੋਟ ਸੁਰੱਖਿਅਤ, ਮੁੱਲਵਾਨ ਹੈ ਅਤੇ ਪੂਰੀ ਇਮਾਨਦਾਰੀ  ਨਾਲ ਗਿਣੀ ਜਾਂਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.