ਤਾਜਾ ਖਬਰਾਂ
ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਜੰਗਲੀ ਜੀਵ ਤਸਕਰੀ ਦੇ ਇੱਕ ਗੰਭੀਰ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਨਾਲ ਸਬੰਧਤ ਮੁਹੰਮਦ ਅਬਾਰ ਅਹਿਮਦ ਨੂੰ ਮੋਰ ਦੀ ਖੱਲ ਨਾਲ ਬਣੀ ਟੈਕਸੀਡਰਮੀ ਟਰਾਫੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ 19 ਜਨਵਰੀ ਨੂੰ ਥਾਈ ਲਾਇਨ ਏਅਰ ਦੀ ਉਡਾਣ SL-214 ਰਾਹੀਂ ਬੈਂਕਾਕ ਤੋਂ ਅੰਮ੍ਰਿਤਸਰ ਪਹੁੰਚਿਆ ਸੀ।
ਕਸਟਮ ਅਧਿਕਾਰੀਆਂ ਨੂੰ ਉਡਾਣ ਦੇ ਉਤਰਦੇ ਹੀ ਮੁਲਜ਼ਮ ਦੀਆਂ ਹਰਕਤਾਂ ‘ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਸਨੂੰ ਨਿਗਰਾਨੀ ਹੇਠ ਰੱਖਿਆ ਗਿਆ। ਜਦੋਂ ਕਸਟਮ ਕਲੀਅਰੈਂਸ ਮਗਰੋਂ ਉਹ ਗ੍ਰੀਨ ਚੈਨਲ ਰਾਹੀਂ ਬਾਹਰ ਜਾਣ ਲੱਗਾ, ਤਾਂ ਉਸਦੇ ਬੈਗ ਨੂੰ ਐਕਸ-ਰੇ ਸਕੈਨ ਕੀਤਾ ਗਿਆ। ਸਕੈਨਿੰਗ ਦੌਰਾਨ ਸ਼ੱਕੀ ਸਮੱਗਰੀ ਸਾਹਮਣੇ ਆਈ, ਜਿਸ ਤੋਂ ਬਾਅਦ ਬੈਗ ਦੀ ਵਿਸਥਾਰ ਨਾਲ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ ਬੈਗ ਵਿੱਚੋਂ ਮੋਰ ਦੀ ਅਸਲੀ ਟੈਕਸੀਡਰਮੀ ਟਰਾਫੀ, ਲੱਕੜੀ ਦੇ ਹਿੱਸੇ ਅਤੇ ਹੋਰ ਸਬੰਧਤ ਸਮੱਗਰੀ ਬਰਾਮਦ ਹੋਈ। ਇਸ ਦੇ ਨਾਲ ਹੀ ਮੁਲਜ਼ਮ ਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦਾਅਵਾ ਕੀਤਾ ਕਿ ਟਰਾਫੀ ਨਕਲੀ ਹੈ, ਪਰ ਜੰਗਲੀ ਜੀਵ ਅਪਰਾਧ ਕੰਟਰੋਲ ਬਿਊਰੋ (WCCB) ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮੁੱਢਲੀ ਜਾਂਚ ਵਿੱਚ ਇਸਨੂੰ ਅਸਲੀ ਕਰਾਰ ਦਿੱਤਾ।
ਅਧਿਕਾਰੀਆਂ ਮੁਤਾਬਕ, ਪੰਜਾਬ ਵਿੱਚ ਮੋਰ ਟੈਕਸੀਡਰਮੀ ਦੀ ਤਸਕਰੀ ਦਾ ਇਹ ਪਹਿਲਾ ਦਰਜ ਕੀਤਾ ਗਿਆ ਮਾਮਲਾ ਮੰਨਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਜੰਗਲੀ ਜੀਵਾਂ ਦੀ ਗੈਰਕਾਨੂੰਨੀ ਤਸਕਰੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਹੋਰ ਵੀ ਸਾਵਧਾਨ ਹੋ ਗਈਆਂ ਹਨ। ਮੁਲਜ਼ਮ ਖ਼ਿਲਾਫ਼ ਕਸਟਮ ਐਕਟ ਦੀ ਧਾਰਾ 135 ਅਤੇ ਜੰਗਲੀ ਜੀਵ ਸੁਰੱਖਿਆ ਐਕਟ ਦੀ ਧਾਰਾ 51 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Get all latest content delivered to your email a few times a month.