ਤਾਜਾ ਖਬਰਾਂ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰਾ ਦੀ ਪ੍ਰਿੰਸੀਪਲ ਰੇਖਾ ਮਹਾਜਨ ਵਿਰੁੱਧ ਕੜਾ ਰੁਖ ਅਪਣਾਉਂਦੇ ਹੋਏ ਉਨ੍ਹਾਂ ਨੂੰ ਤੁਰੰਤ ਸਸਪੈਂਡ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਹ ਕਾਰਵਾਈ DPE ਅਧਿਆਪਕ ਜੋਰਇੰਦਰ ਸਿੰਘ ਖ਼ਿਲਾਫ਼ ਜਾਤੀ ਸੂਚਕ ਸ਼ਬਦਾਵਲੀ ਵਰਤਣ ਦੇ ਦੋਸ਼ਾਂ ਦੇ ਆਧਾਰ ’ਤੇ ਕੀਤੀ ਗਈ ਹੈ।
ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਮਾਮਲੇ ਦੀ ਜਾਂਚ ਲਈ ਸਿੱਖਿਆ ਵਿਭਾਗ ਵੱਲੋਂ ਗਠਿਤ ਦੋ ਮੈਂਬਰੀ ਕਮੇਟੀ ਨੇ ਵੀ ਪ੍ਰਿੰਸੀਪਲ ਰੇਖਾ ਮਹਾਜਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮੁੱਢਲੀ ਜਾਂਚ ਵਿੱਚ ਹੀ ਉਨ੍ਹਾਂ ਦੀ ਭੂਮਿਕਾ ਸਵਾਲਾਂ ਦੇ ਘੇਰੇ ’ਚ ਆ ਗਈ ਸੀ, ਜਦਕਿ ਵਿਭਾਗੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪ੍ਰਿੰਸੀਪਲ ਆਦਤਨ ਤੌਰ ’ਤੇ ਅਜਿਹੇ ਦੋਸ਼ਾਂ ਵਿੱਚ ਸ਼ਾਮਲ ਰਹੀ ਹੈ।
ਕਮਿਸ਼ਨ ਨੇ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਤੁਰੰਤ ਵਿਭਾਗੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸਦੇ ਨਾਲ ਹੀ 29 ਜਨਵਰੀ ਨੂੰ ਕੇਸ ਸਬੰਧੀ ਡਾਇਰੈਕਟਰ ਸੈਕੰਡਰੀ ਸਿੱਖਿਆ ਵਿਭਾਗ ਤੋਂ ਨਿੱਜੀ ਪੇਸ਼ੀ ਦੌਰਾਨ ਵਿਸਥਾਰਪੂਰਕ ਰਿਪੋਰਟ ਮੰਗੀ ਗਈ ਹੈ। ਕਮਿਸ਼ਨ ਕੋਰਟ ਵਿੱਚ ਹੁਣ ਤੱਕ ਦੋ ਤਰੀਕਾਂ ’ਤੇ ਸੁਣਵਾਈ ਹੋ ਚੁੱਕੀ ਹੈ ਅਤੇ ਅਗਲੀਆਂ ਤਰੀਕਾਂ ’ਤੇ ਵੀ ਸੁਣਵਾਈ ਜਾਰੀ ਰਹੇਗੀ।
ਜਸਵੀਰ ਸਿੰਘ ਗੜੀ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਐਕਟ 1989 ਅਧੀਨ ਕਾਨੂੰਨੀ ਕਾਰਵਾਈ ਲਈ ਪੁਲਿਸ ਵਿਭਾਗ ਨੂੰ ਵੀ ਪਾਬੰਦ ਕੀਤਾ ਜਾਵੇਗਾ।
ਅੰਤ ਵਿੱਚ ਕਮਿਸ਼ਨ ਦੇ ਚੇਅਰਮੈਨ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਦੀ ਪੂਰੀ ਪਾਲਣਾ ਕਰਨ ਅਤੇ ਸਮਾਜ ਵਿੱਚ ਜਾਤ, ਧਰਮ ਜਾਂ ਨਸਲ ਦੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸਾਰੀਆਂ ਜਾਤਾਂ ਤੇ ਬਿਰਾਦਰੀਆਂ ਨਾਲ ਪ੍ਰੇਮ, ਭਾਈਚਾਰੇ ਅਤੇ ਬਰਾਬਰੀ ਦੇ ਸਿਧਾਂਤ ਅਨੁਸਾਰ ਜੀਵਨ ਬਿਤਾਉਣ।
Get all latest content delivered to your email a few times a month.