ਤਾਜਾ ਖਬਰਾਂ
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਵਾਰਾ ਕੁੱਤਿਆਂ ਦੇ ਵਧ ਰਹੇ ਖ਼ਤਰੇ ਨੇ ਆਮ ਲੋਕਾਂ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਤਾਜ਼ਾ ਮਾਮਲਾ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਅਵਾਰਾ ਕੁੱਤੇ ਨੇ 5 ਸਾਲ ਦੀ ਮਾਸੂਮ ਬੱਚੀ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਇਹ ਖ਼ੌਫ਼ਨਾਕ ਘਟਨਾ ਨੇੜੇ ਲੱਗੇ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਈ ਹੈ।
ਚਿਹਰੇ 'ਤੇ ਕੀਤੇ ਡੂੰਘੇ ਜ਼ਖਮ
ਇਹ ਘਟਨਾ ਹੈਦਰਾਬਾਦ ਦੇ ਸੁਰਾਰਾਮ ਪੁਲਿਸ ਸਟੇਸ਼ਨ ਅਧੀਨ ਪੈਂਦੇ ਇਲਾਕੇ ਵਿੱਚ ਵਾਪਰੀ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚੀ ਆਮ ਵਾਂਗ ਜਾ ਰਹੀ ਸੀ ਕਿ ਅਚਾਨਕ ਇੱਕ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਸਿੱਧਾ ਬੱਚੀ ਦੇ ਚਿਹਰੇ 'ਤੇ ਵਾਰ ਕੀਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਈ। ਬੱਚੀ ਦੀਆਂ ਚੀਕਾਂ ਸੁਣ ਕੇ ਜਦੋਂ ਸਥਾਨਕ ਲੋਕ ਮੌਕੇ 'ਤੇ ਪਹੁੰਚੇ ਤਾਂ ਕੁੱਤਾ ਉੱਥੋਂ ਭੱਜ ਗਿਆ।
ਹਸਪਤਾਲ 'ਚ ਜ਼ੇਰੇ ਇਲਾਜ
ਜ਼ਖਮੀ ਬੱਚੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਬੱਚੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਪਰ ਚਿਹਰੇ 'ਤੇ ਲੱਗੀਆਂ ਚੋਟਾਂ ਕਾਰਨ ਪਰਿਵਾਰ ਗਹਿਰੇ ਸਦਮੇ ਵਿੱਚ ਹੈ।
ਪ੍ਰਸ਼ਾਸਨ ਖਿਲਾਫ ਭੜਕਿਆ ਲੋਕਾਂ ਦਾ ਗੁੱਸਾ
ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਗਜੂਲਾ ਰਾਮਾਰਾਮ ਸਰਕਲ ਦੇ ਅਧਿਕਾਰੀਆਂ ਨੂੰ ਕਈ ਵਾਰ ਅਵਾਰਾ ਕੁੱਤਿਆਂ ਦੀ ਸਮੱਸਿਆ ਬਾਰੇ ਸ਼ਿਕਾਇਤ ਕੀਤੀ ਗਈ ਸੀ, ਪਰ ਪ੍ਰਸ਼ਾਸਨ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਗਰ ਨਿਗਮ ਤੁਰੰਤ ਮੁਹਿੰਮ ਚਲਾ ਕੇ ਅਵਾਰਾ ਕੁੱਤਿਆਂ 'ਤੇ ਨੱਥ ਪਾਵੇ।
Get all latest content delivered to your email a few times a month.