ਤਾਜਾ ਖਬਰਾਂ
ਡੀ.ਆਈ.ਬੀ. ਇਵੈਂਟਸ ਦੁਬਈ (DIB Events ) ਵੱਲੋਂ ਕਰਵਾਏ ਗਏ 'ਸਰਕਾਰ-ਏ-ਖਾਲਸਾ ਐਵਾਰਡਜ਼ 2026' ਯਾਦਗਾਰੀ ਪੈੜਾਂ ਪਾਉਂਦੇ ਹੋਏ ਸਫਲਤਾਪੂਰਵਕ ਸੰਪੰਨ ਹੋਏ। ਇਸ ਸਮਾਗਮ ਵਿੱਚ ਵਿਸ਼ਵ ਭਰ ਦੀਆਂ ਪ੍ਰਮੁੱਖ ਪੰਜਾਬੀ ਸ਼ਖਸੀਅਤਾਂ, ਅਧਿਆਤਮਿਕ ਰਹਿਬਰਾਂ ਅਤੇ ਸਿਆਸੀ ਆਗੂਆਂ ਨੇ ਸ਼ਿਰਕਤ ਕਰਕੇ ਪੰਜਾਬੀ ਵਿਰਸੇ ਅਤੇ ਮਾਨਵਤਾ ਦੀ ਸੇਵਾ ਦੇ ਜਜ਼ਬੇ ਨੂੰ ਸਲਾਮ ਕੀਤਾ।
ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਰੂਹਾਨੀ ਸ਼ਾਨ ਨੂੰ ਵਧਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਬਤੌਰ 'ਡਿਵਾਈਨ ਗੈਸਟ' (ਰੂਹਾਨੀ ਮਹਿਮਾਨ) ਅਤੇ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਅਤੇ ਆਪਣੀਆਂ ਅਸੀਸਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਵਾਈ ਅਤੇ ਸਮਾਜ ਪ੍ਰਤੀ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਤਿੰਨ ਪੜਾਵਾਂ ਵਿੱਚ ਦਿੱਤੇ ਗਏ ਸਨਮਾਨ..ਸਮਾਗਮ ਦੌਰਾਨ ਸਨਮਾਨਾਂ ਦੀ ਵੰਡ ਤਿੰਨ ਮੁੱਖ ਸ਼੍ਰੇਣੀਆਂ ਵਿੱਚ ਕੀਤੀ ਗਈ:
ਸਰਕਾਰ-ਏ-ਖਾਲਸਾ ਐਵਾਰਡ: ਵਿਸ਼ਵ ਭਰ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ 13 ਪ੍ਰਮੁੱਖ ਪੰਜਾਬੀਆਂ ਨੂੰ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਇਸ ਵੱਕਾਰੀ ਐਵਾਰਡ ਨਾਲ ਨਿਵਾਜਿਆ ਗਿਆ।
ਸੇਵਾ ਰਤਨ ਐਵਾਰਡ: ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਮਾਨਵਤਾ ਦੀ ਮਿਸਾਲ ਪੇਸ਼ ਕਰਨ ਵਾਲੀਆਂ ਐਨ.ਜੀ.ਓਜ਼ (NGOs) ਨੂੰ ਉਨ੍ਹਾਂ ਦੀ ਨਿਰਸਵਾਰਥ ਸੇਵਾ ਅਤੇ ਸਮਰਪਣ ਲਈ ਦਿੱਤਾ ਗਿਆ।
ਪੰਜਾਬ ਪ੍ਰਾਈਡ ਐਵਾਰਡ: ਸੂਬੇ ਦੀ ਤਰੱਕੀ ਅਤੇ ਸਮਾਜਿਕ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪ੍ਰਬੰਧਕੀ ਟੀਮ ਦੀ ਮਿਹਨਤ ਲਿਆਈ ਰੰਗ.. ਇਸ ਪੂਰੇ ਸਮਾਗਮ ਦੀ ਸਫਲਤਾ ਪਿੱਛੇ ਡਾ. ਮਨਜਿੰਦਰ ਸਿੰਘ, ਫਤਿਹ ਅਮਨਦੀਪ ਸਿੰਘ, ਸ. ਨਵਨੀਤ ਸਿੰਘ ਅਤੇ ਸ. ਗੁਰਸਾਹਿਬ ਸਿੰਘ ਦੀ ਅਣਥੱਕ ਮਿਹਨਤ ਅਤੇ ਦੂਰਅੰਦੇਸ਼ੀ ਸੋਚ ਸੀ, ਜਿਨ੍ਹਾਂ ਦੀ ਅਗਵਾਈ ਵਿੱਚ ਪ੍ਰੋਗਰਾਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।
ਇਸ ਮੌਕੇ ਬੋਲਦਿਆਂ ਸ਼ਖਸੀਅਤਾਂ ਨੇ ਕਿਹਾ ਕਿ ਅਜਿਹੇ ਸਮਾਗਮ ਸਿੱਖ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ, ਵਿਸ਼ਵ ਭਰ ਦੇ ਪੰਜਾਬੀਆਂ ਵਿੱਚ ਏਕਤਾ ਵਧਾਉਣ ਅਤੇ ਸੇਵਾ ਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ।
ਸਮਾਗਮ ਦੀ ਸਮਾਪਤੀ ਪੰਥ ਅਤੇ ਸਮਾਜ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਅਤੇ ਵਿਸ਼ਵਾਸ ਦੇ ਮਜ਼ਬੂਤ ਸੰਦੇਸ਼ ਨਾਲ ਹੋਈ।
Get all latest content delivered to your email a few times a month.