ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਮਾਨਸਾ ਜ਼ਿਲ੍ਹੇ ਵਿੱਚ ਬਜ਼ੁਰਗਾਂ ਦੀ ਭਲਾਈ ਲਈ ਇੱਕ ਹੋਰ ਅਹਿਮ ਪਹਿਲ ਕਰਦੇ ਹੋਏ ਸੀਨੀਅਰ ਸਿਟੀਜ਼ਨ ਹੋਮ ‘ਸਤਿਕਾਰ ਘਰ’ ਦਾ ਉਦਘਾਟਨ ਕੀਤਾ ਹੈ। ਇਹ ਪ੍ਰੋਜੈਕਟ ਉਨ੍ਹਾਂ ਬਜ਼ੁਰਗ ਨਾਗਰਿਕਾਂ ਲਈ ਸਮਰਪਿਤ ਹੈ ਜੋ ਪਰਿਵਾਰਕ ਸਹਾਰਿਆਂ ਤੋਂ ਵਾਂਜੇ ਰਹਿ ਗਏ ਹਨ ਅਤੇ ਜਿਨ੍ਹਾਂ ਨੂੰ ਸੁਰੱਖਿਅਤ, ਸਨਮਾਨਜਨਕ ਅਤੇ ਸਹੂਲਤਯੋਗ ਰਿਹਾਇਸ਼ ਦੀ ਲੋੜ ਹੈ।
ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਈ ਗਈ ਇਸ ਯੋਜਨਾ ਦਾ ਮਕਸਦ ਬਜ਼ੁਰਗਾਂ ਨੂੰ ਸਿਰਫ਼ ਛੱਤ ਹੀ ਨਹੀਂ, ਸਗੋਂ ਦੇਖਭਾਲ, ਸੁਰੱਖਿਆ ਅਤੇ ਭਾਵਨਾਤਮਕ ਸਹਾਇਤਾ ਵੀ ਪ੍ਰਦਾਨ ਕਰਨਾ ਹੈ। ‘ਸਤਿਕਾਰ ਘਰ’ ਪਹਿਲਕਦਮੀ ਪੰਜਾਬ ਸਰਕਾਰ ਦੀ ਉਸ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿਸ ਤਹਿਤ ਹਰ ਜ਼ਿਲ੍ਹੇ ਵਿੱਚ ਬਜ਼ੁਰਗਾਂ ਲਈ ਸੰਸਥਾਗਤ ਅਤੇ ਮਾਣਯੋਗ ਜੀਵਨ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਮਾਨਸਾ ਵਿੱਚ 28 ਕਨਾਲ ਰਕਬੇ ਵਿੱਚ ਬਣਿਆ ਇਹ ਸੀਨੀਅਰ ਸਿਟੀਜ਼ਨ ਹੋਮ ਲਗਭਗ 9 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ। ਤਿੰਨ ਮੰਜ਼ਿਲਾਂ ’ਤੇ ਤਿਆਰ ਕੀਤੀ ਗਈ ਇਸ ਇਮਾਰਤ ਵਿੱਚ ਕੁੱਲ 72 ਬਜ਼ੁਰਗਾਂ ਦੇ ਰਹਿਣ ਦੀ ਵਿਵਸਥਾ ਹੈ। ਹਰ ਮੰਜ਼ਿਲ ’ਤੇ ਸੱਤ ਕਮਰੇ ਹਨ, ਜਿਨ੍ਹਾਂ ਵਿੱਚ 24 ਬਜ਼ੁਰਗ ਆਰਾਮ ਨਾਲ ਠਹਿਰ ਸਕਦੇ ਹਨ। ਇਮਾਰਤ ਦੀ ਬਣਾਵਟ ਇਸ ਤਰ੍ਹਾਂ ਕੀਤੀ ਗਈ ਹੈ ਕਿ ਹਰ ਬਜ਼ੁਰਗ ਨੂੰ ਬਰਾਬਰ ਦੀਆਂ ਸਹੂਲਤਾਂ, ਸੁਵਿਧਾਜਨਕ ਪਹੁੰਚ ਅਤੇ ਸੁਰੱਖਿਅਤ ਵਾਤਾਵਰਣ ਮਿਲ ਸਕੇ।
ਬਜ਼ੁਰਗਾਂ ਦੀ ਰੋਜ਼ਾਨਾ ਦੇਖਭਾਲ, ਪ੍ਰਬੰਧਨ ਅਤੇ ਰੱਖ-ਰਖਾਅ ਲਈ 19 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 24 ਘੰਟੇ ਸੇਵਾਵਾਂ ਯਕੀਨੀ ਬਣਾਉਣ ਲਈ ਆਊਟਸੋਰਸਡ ਸਟਾਫ਼ ਦੀ ਸਹਾਇਤਾ ਨਾਲ ਖਾਣ-ਪੀਣ, ਸਫ਼ਾਈ, ਸਿਹਤ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਕੁੱਲ ਮਿਲਾ ਕੇ ਮਾਨਸਾ ਵਿੱਚ ‘ਸਤਿਕਾਰ ਘਰ’ ਦੀ ਸ਼ੁਰੂਆਤ ਪੰਜਾਬ ਸਰਕਾਰ ਦੀ ਸਮਾਵੇਸ਼ੀ ਅਤੇ ਲੋਕ-ਹਿਤੈਸ਼ੀ ਨੀਤੀਆਂ ਦਾ ਪ੍ਰਤੀਕ ਹੈ। ਇਹ ਕਦਮ ਦਰਸਾਉਂਦਾ ਹੈ ਕਿ ਭਗਵੰਤ ਮਾਨ ਸਰਕਾਰ ਲਈ ਬਜ਼ੁਰਗਾਂ ਦੀ ਇੱਜ਼ਤ, ਸੁਰੱਖਿਆ ਅਤੇ ਭਲਾਈ ਸਿਰਫ਼ ਵਾਅਦਾ ਨਹੀਂ, ਸਗੋਂ ਅਮਲੀ ਤੌਰ ’ਤੇ ਲਾਗੂ ਕੀਤੀ ਜਾ ਰਹੀ ਨੀਤੀ ਹੈ।
Get all latest content delivered to your email a few times a month.