ਤਾਜਾ ਖਬਰਾਂ
ਬਸੰਤ ਪੰਚਮੀ ਦੇ ਤਿਉਹਾਰ ਨੂੰ ਸੁਰੱਖਿਅਤ ਅਤੇ ਸੁਖਮਈ ਬਣਾਉਣ ਦੇ ਮਕਸਦ ਨਾਲ ਖੰਨਾ ਪੁਲਿਸ ਵੱਲੋਂ ਚਾਈਨਾ ਡੋਰ ਖ਼ਿਲਾਫ਼ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਚਲ ਰਹੀ ਇਸ ਮੁਹਿੰਮ ਤਹਿਤ ਗੈਰ-ਕਾਨੂੰਨੀ ਅਤੇ ਜਾਨਲੇਵਾ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਬਿਨਾਂ ਕਿਸੇ ਢਿਲਾਈ ਦੇ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਸਪਸ਼ਟ ਕੀਤਾ ਕਿ ਚਾਈਨਾ ਡੋਰ ‘ਤੇ ਪੰਜਾਬ ਸਰਕਾਰ ਵੱਲੋਂ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ ਅਤੇ ਇਸ ਦੀ ਖਰੀਦ-ਫਰੋਖ਼ਤ ਜਾਂ ਵਰਤੋਂ ਕਰਨਾ ਕਾਨੂੰਨੀ ਜੁਰਮ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਚਾਈਨਾ ਡੋਰ ਕਾਰਨ ਕਈ ਨੌਜਵਾਨਾਂ ਦੀਆਂ ਜਾਨਾਂ ਖ਼ਤਰੇ ‘ਚ ਪਈਆਂ, ਦੋਪਹੀਆ ਵਾਹਨ ਚਾਲਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਅਤੇ ਬੇਹਿਸਾਬ ਪੰਛੀਆਂ ਦੀ ਮੌਤ ਹੋਈ। ਇਨ੍ਹਾਂ ਦਰਦਨਾਕ ਘਟਨਾਵਾਂ ਤੋਂ ਸਬਕ ਲੈਂਦਿਆਂ ਇਸ ਵਾਰ ਪੁਲਿਸ ਪਹਿਲਾਂ ਹੀ ਪੂਰੀ ਤਿਆਰੀ ਨਾਲ ਮੈਦਾਨ ‘ਚ ਉਤਰੀ ਹੈ।
ਉਨ੍ਹਾਂ ਦੱਸਿਆ ਕਿ ਲੋਹੜੀ ਦੀ ਤਰ੍ਹਾਂ ਹੀ ਬਸੰਤ ਪੰਚਮੀ ਵਾਲੇ ਦਿਨ ਵੀ ਖੰਨਾ ਪੁਲਿਸ ਪੂਰੀ ਤਰ੍ਹਾਂ ਅਲਰਟ ਰਹੇਗੀ। ਪੁਲਿਸ ਟੀਮਾਂ ਸਵੇਰ ਤੋਂ ਸ਼ਾਮ ਤੱਕ ਵੱਖ-ਵੱਖ ਇਲਾਕਿਆਂ ਵਿੱਚ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਕੇ ਚੈਕਿੰਗ ਕਰਨਗੀਆਂ। ਇਸ ਦੇ ਨਾਲ ਹੀ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਡ੍ਰੋਨ ਕੈਮਰਿਆਂ ਰਾਹੀਂ ਪੂਰੇ ਸ਼ਹਿਰ ‘ਤੇ ਨਿਗਰਾਨੀ ਰੱਖੀ ਜਾਵੇਗੀ, ਤਾਂ ਜੋ ਕਿਸੇ ਵੀ ਕੋਨੇ ‘ਚ ਚਾਈਨਾ ਡੋਰ ਦੀ ਵਰਤੋਂ ਨਾ ਹੋ ਸਕੇ।
ਐਸ.ਐਸ.ਪੀ ਨੇ ਕਿਹਾ ਕਿ ਪੁਲਿਸ ਦੀ ਸਖ਼ਤੀ ਅਤੇ ਜਾਗਰੂਕਤਾ ਮੁਹਿੰਮ ਦਾ ਸਕਾਰਾਤਮਕ ਅਸਰ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਵਪਾਰੀਆਂ ਅਨੁਸਾਰ ਸੁਰੱਖਿਅਤ ਅਤੇ ਕਾਨੂੰਨੀ ਧਾਗਾ ਡੋਰ ਦੀ ਮੰਗ ਕਾਫ਼ੀ ਵਧੀ ਹੈ, ਜੋ ਲੋਕਾਂ ਵਿੱਚ ਵਧ ਰਹੀ ਸਮਝਦਾਰੀ ਅਤੇ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ।
ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤਿਉਹਾਰਾਂ ਦੀ ਖੁਸ਼ੀ ਕਿਸੇ ਦੀ ਜਾਨ ਨਾਲ ਖੇਡ ਕੇ ਨਹੀਂ ਮਨਾਈ ਜਾ ਸਕਦੀ। ਜੇਕਰ ਕਿਸੇ ਕੋਲੋਂ ਵੀ ਚਾਈਨਾ ਡੋਰ ਬਰਾਮਦ ਹੁੰਦੀ ਹੈ ਜਾਂ ਵਰਤੋਂ ਕਰਦਾ ਹੋਇਆ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਤੁਰੰਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ‘ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਸਿਰਫ਼ ਸੁਰੱਖਿਅਤ ਅਤੇ ਕਾਨੂੰਨੀ ਧਾਗਾ ਡੋਰ ਨਾਲ ਹੀ ਪਤੰਗਬਾਜ਼ੀ ਕਰਨ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਸਮਾਜ ਦੀ ਸੁਰੱਖਿਆ ਸਾਂਝੀ ਜ਼ਿੰਮੇਵਾਰੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਹ ਮੁਹਿੰਮ ਕਾਮਯਾਬ ਹੋ ਸਕਦੀ ਹੈ।
ਅੰਤ ਵਿੱਚ, ਖੰਨਾ ਪੁਲਿਸ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਕਾਨੂੰਨ ਦੀ ਪਾਲਣਾ ਕਰਨ, ਪੁਲਿਸ ਦਾ ਸਹਿਯੋਗ ਕਰਨ ਅਤੇ ਬਸੰਤ ਪੰਚਮੀ ਦਾ ਤਿਉਹਾਰ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਨਾਲ ਮਨਾਉਣ।
Get all latest content delivered to your email a few times a month.