ਤਾਜਾ ਖਬਰਾਂ
ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸ਼ਹਿਰ ਵਿੱਚ ਮੰਗਲਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਕਾਰ ਡਰਾਈਵਰ ਦੀ ਭਾਰੀ ਲਾਪਰਵਾਹੀ ਕਾਰਨ ਇੱਕ ਬੁਜ਼ੁਰਗ ਕਿਸਾਨ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ 72 ਸਾਲਾ ਗੁਰਚਰਨ ਸਿੰਘ ਆਪਣੇ ਘਰੋਂ ਮੋਟਰਸਾਈਕਲ ‘ਤੇ ਰੋਜ਼ਾਨਾ ਵਰਤੋਂ ਦਾ ਸਮਾਨ ਖਰੀਦਣ ਲਈ ਨਿਕਲੇ ਸਨ। ਜਦੋਂ ਉਹ ਗਗਨ ਚੌਕ ਨੇੜੇ ਕਾਕਾ ਢਾਬੇ ਦੇ ਕੋਲੋਂ ਲੰਘ ਰਹੇ ਸਨ, ਤਾਂ ਸੜਕ ਦੇ ਕਿਨਾਰੇ ਖੜ੍ਹੀ ਇੱਕ ਕਾਰ ਦੇ ਡਰਾਈਵਰ ਨੇ ਬਿਨਾਂ ਪਿੱਛੇ ਦੇਖੇ ਅਚਾਨਕ ਕਾਰ ਦੀ ਟਾਕੀ ਖੋਲ੍ਹ ਦਿੱਤੀ।
ਅਚਾਨਕ ਖੁੱਲ੍ਹੀ ਟਾਕੀ ਨਾਲ ਗੁਰਚਰਨ ਸਿੰਘ ਦੀ ਮੋਟਰਸਾਈਕਲ ਟਕਰਾ ਗਈ, ਜਿਸ ਕਾਰਨ ਉਹ ਸੰਤੁਲਨ ਗੁਆ ਬੈਠੇ ਅਤੇ ਸੜਕ ‘ਤੇ ਡਿੱਗ ਪਏ। ਇਸ ਦੌਰਾਨ ਪਿੱਛੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਉਨ੍ਹਾਂ ਦੇ ਉੱਪਰੋਂ ਲੰਘ ਗਈ ਅਤੇ ਬੱਸ ਦਾ ਪਿਛਲਾ ਟਾਇਰ ਉਨ੍ਹਾਂ ਦੇ ਸਿਰ ਤੋਂ ਗੁਜ਼ਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਉਨ੍ਹਾਂ ਦੀ ਮੌਕੇ ‘ਤੇ ਹੀ ਹਾਲਤ ਗੰਭੀਰ ਹੋ ਗਈ।
ਰਾਹਗੀਰਾਂ ਵੱਲੋਂ ਤੁਰੰਤ ਜ਼ਖ਼ਮੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਪਰ ਉਸਦੀ ਹਰਕਤ ਨੇੜਲੇ ਢਾਬਿਆਂ ਅਤੇ ਗਿਆਨ ਚੌਕ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀ ਕਾਰ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਡਰਾਈਵਰ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
Get all latest content delivered to your email a few times a month.