ਤਾਜਾ ਖਬਰਾਂ
ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਜਨਤਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚਾਈਨਾ ਡੋਰ, ਪਲਾਸਟਿਕ ਅਤੇ ਹਰ ਕਿਸਮ ਦੀ ਸਿੰਥੈਟਿਕ ਡੋਰ ‘ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਪਤੰਗ ਉਡਾਉਂਦੇ ਸਮੇਂ ਸਿਰਫ਼ ਸੂਤੀ (ਕਪਾਹ ਦੀ) ਡੋਰ ਦੀ ਹੀ ਵਰਤੋਂ ਕੀਤੀ ਜਾਵੇ।
ਡੀਸੀ ਨੇ ਸਪੱਸ਼ਟ ਕੀਤਾ ਕਿ ਇਹ ਪਾਬੰਦੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਲਗਾਈ ਗਈ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਤੰਗਬਾਜ਼ੀ ਦੇ ਸੀਜ਼ਨ ਦੌਰਾਨ ਹਾਲੀਆ ਸਾਲਾਂ ਵਿੱਚ ਖ਼ਤਰਨਾਕ ਚਾਈਨਾ ਅਤੇ ਸਿੰਥੈਟਿਕ ਡੋਰ ਦੀ ਵਰਤੋਂ ਵਿੱਚ ਵਾਧਾ ਹੋਇਆ ਹੈ, ਜੋ ਮਨੁੱਖੀ ਜਾਨ ਲਈ ਗੰਭੀਰ ਖ਼ਤਰਾ ਬਣ ਚੁੱਕੀ ਹੈ।
ਆਸ਼ਿਕਾ ਜੈਨ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਇਨ੍ਹਾਂ ਡੋਰਾਂ ਕਾਰਨ ਕਈ ਦਰਦਨਾਕ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿੱਚ ਲੋਕਾਂ ਦੀਆਂ ਗਰਦਨਾਂ ਕੱਟੀਆਂ ਗਈਆਂ, ਭਾਰੀ ਸੱਟਾਂ ਲੱਗੀਆਂ ਅਤੇ ਕਈ ਜਾਨਾਂ ਵੀ ਗੁਆਈਆਂ ਗਈਆਂ। ਇਹ ਡੋਰ ਵਾਹਨ ਚਾਲਕਾਂ, ਬੱਚਿਆਂ ਅਤੇ ਰਾਹਗੀਰਾਂ ਲਈ ਤਾਂ ਖ਼ਤਰਨਾਕ ਹੈ ਹੀ, ਨਾਲ ਹੀ ਪੰਛੀਆਂ ਅਤੇ ਜਾਨਵਰਾਂ ਦੀ ਜਾਨ ਲਈ ਵੀ ਵੱਡਾ ਜੋਖ਼ਮ ਬਣ ਰਹੀ ਹੈ, ਜਿਸ ਨਾਲ ਵਾਤਾਵਰਣ ਅਤੇ ਜੈਵ ਵਿਭਿੰਨਤਾ ਨੂੰ ਨੁਕਸਾਨ ਪਹੁੰਚਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਕੀਮਤ ‘ਤੇ ਸਿੰਥੈਟਿਕ ਜਾਂ ਪਲਾਸਟਿਕ ਡੋਰ ਦੀ ਵਿਕਰੀ, ਸਟੋਰੇਜ ਜਾਂ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਹੁਕਮ ਪਤੰਗ ਵਿਕਰੇਤਾਵਾਂ ਅਤੇ ਪਤੰਗ ਉਡਾਉਣ ਵਾਲਿਆਂ ਦੋਵਾਂ ‘ਤੇ ਇੱਕੋ ਜਿਹਾ ਲਾਗੂ ਰਹੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬੰਧਤ ਵਿਭਾਗਾਂ ਨੂੰ ਨਿਯਮਿਤ ਜਾਂਚ ਅਤੇ ਸਖ਼ਤ ਨਿਗਰਾਨੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।
ਅੰਤ ਵਿੱਚ ਡਿਪਟੀ ਕਮਿਸ਼ਨਰ ਨੇ ਨਾਗਰਿਕਾਂ, ਖ਼ਾਸ ਕਰਕੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਪਤੰਗ ਉਡਾਉਣ ਬਾਰੇ ਜਾਗਰੂਕ ਕਰਨ, ਤਾਂ ਜੋ ਤਿਉਹਾਰ ਮਨੋਰੰਜਨ ਅਤੇ ਖੁਸ਼ੀ ਦਾ ਕਾਰਨ ਬਣਨ, ਨਾ ਕਿ ਕਿਸੇ ਅਣਚਾਹੀ ਘਟਨਾ ਦਾ।
Get all latest content delivered to your email a few times a month.