ਤਾਜਾ ਖਬਰਾਂ
ਮੋਹਾਲੀ ਹਲਕੇ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲਿੰਕ ਸੜਕਾਂ ਅਤੇ ਫਿਰਨੀਆਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਕੁੱਲ 11.38 ਕਿਲੋਮੀਟਰ ਲੰਬਾਈ ਵਾਲੀਆਂ ਨਵੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਪ੍ਰਾਜੈਕਟਾਂ ’ਤੇ ਕਰੀਬ 246.88 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਸਾਰਾ ਕੰਮ ਨਿਰਧਾਰਤ ਮਿਆਦ ਅੰਦਰ 6 ਮਹੀਨਿਆਂ ਵਿੱਚ ਪੂਰਾ ਕਰਨ ਦਾ ਲਕਸ਼ ਰੱਖਿਆ ਗਿਆ ਹੈ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਫਿਰਨੀਆਂ ਦੇ ਨਵੀਨੀਕਰਨ ਨਾਲ ਪਿੰਡਾਂ ਵਿਚਕਾਰ ਆਵਾਜਾਈ ਆਸਾਨ ਹੋਵੇਗੀ, ਵਪਾਰ ਅਤੇ ਦਿਹਾਤੀ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਵੱਡੀ ਰਾਹਤ ਪ੍ਰਾਪਤ ਹੋਏਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰੇ ਕੰਮ ਉੱਚ ਮਿਆਰੀ ਸਮੱਗਰੀ ਨਾਲ ਕੀਤੇ ਜਾਣਗੇ ਤਾਂ ਜੋ ਸੜਕਾਂ ਲੰਬੇ ਸਮੇਂ ਤੱਕ ਮਜ਼ਬੂਤ ਰਹਿਣ।
ਵਿਕਾਸ ਕਾਰਜਾਂ ਅਧੀਨ ਨਾਨੂਮਾਜਰਾ–ਸੰਭਾਲਕੀ–ਸੁੱਖਗੜ੍ਹ–ਸਨੇਟਾ ਸੜਕ (1.96 ਕਿ.ਮੀ.) ਦੀ ਮੁਰੰਮਤ ’ਤੇ 41.73 ਲੱਖ ਰੁਪਏ ਖਰਚੇ ਜਾਣਗੇ ਅਤੇ 5 ਸਾਲਾਂ ਦੀ ਦੇਖਭਾਲ ਲਈ 3.33 ਲੱਖ ਰੁਪਏ ਰੱਖੇ ਗਏ ਹਨ, ਜਿਸ ਵਿੱਚ ਕੁਝ ਹਿੱਸਾ ਪੇਵਰ ਬਲਾਕ ਨਾਲ ਤਿਆਰ ਕੀਤਾ ਜਾਵੇਗਾ। ਇਸੇ ਤਰ੍ਹਾਂ ਪਿੰਡ ਸੰਭਾਲਕੀ ਦੀ 0.75 ਕਿ.ਮੀ. ਲੰਬੀ ਫਿਰਨੀ ’ਤੇ 11.58 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਜਾਵੇਗੀ।
ਖ਼ਰੜ–ਬਨੂੰੜ ਰੋਡ ਤੋਂ ਰਾਏਪੁਰ ਕਲਾਂ ਤੱਕ 1.10 ਕਿ.ਮੀ. ਲਿੰਕ ਸੜਕ, ਸੈਦਪੁਰ–ਚੂਹੜਮਾਜਰਾ ਸੜਕ (1 ਕਿ.ਮੀ.), ਗੋਬਿੰਦਗੜ੍ਹ ਤੋਂ ਢੇਲਪੁਰ (2.17 ਕਿ.ਮੀ.) ਅਤੇ ਢੇਲਪੁਰ ਤੋਂ ਗਡਾਣਾ (1.19 ਕਿ.ਮੀ.) ਤੱਕ ਸੜਕਾਂ ਦੇ ਨਵੀਨੀਕਰਨ ਲਈ ਵੱਖ-ਵੱਖ ਪ੍ਰਾਜੈਕਟਾਂ ਤਹਿਤ ਲੱਖਾਂ ਰੁਪਏ ਦੀ ਲਾਗਤ ਨਾਲ ਕੰਮ ਕੀਤਾ ਜਾਵੇਗਾ, ਜਿਨ੍ਹਾਂ ਵਿੱਚ 5 ਸਾਲਾਂ ਦੀ ਮੁਰੰਮਤ ਅਤੇ ਸੰਭਾਲ ਦੀ ਵਿਵਸਥਾ ਵੀ ਸ਼ਾਮਲ ਹੈ।
ਗੀਗਾ ਮਾਜਰਾ ਦੀ 0.88 ਕਿ.ਮੀ. ਫਿਰਨੀ ਨੂੰ ਪੇਵਰ ਬਲਾਕ ਨਾਲ ਤਿਆਰ ਕੀਤਾ ਜਾਵੇਗਾ, ਜਦਕਿ ਮਨੌਲੀ–ਸਿਆਊ ਲਿੰਕ ਸੜਕ ਅਤੇ ਪ੍ਰੇਮਗੜ੍ਹ ਪਹੁੰਚ ਮਾਰਗ (2.33 ਕਿ.ਮੀ.) ਦੀ ਮੁਰੰਮਤ ’ਤੇ 48.47 ਲੱਖ ਰੁਪਏ ਖਰਚ ਕੀਤੇ ਜਾਣਗੇ।
ਵਿਧਾਇਕ ਨੇ ਦੱਸਿਆ ਕਿ ਮੋਹਾਲੀ ਹਲਕੇ ਵਿੱਚ ਕੁੱਲ 60 ਨਵੀਆਂ ਸੜਕਾਂ ਅਤੇ 32 ਨਵੇਂ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਤਾਂ ਜੋ ਆਵਾਜਾਈ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਬਿਜਲੀ ਢਾਂਚੇ ਦੇ ਸੁਧਾਰ ਲਈ ਪੰਜਾਬ ਸਰਕਾਰ ਦੇ 5000 ਕਰੋੜ ਰੁਪਏ ਦੇ ਬਜਟ ਵਿੱਚੋਂ 750 ਕਰੋੜ ਰੁਪਏ ਮੋਹਾਲੀ ਵਿੱਚ ਖਰਚੇ ਜਾ ਰਹੇ ਹਨ।
ਅੰਤ ਵਿੱਚ, ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀਆਂ ਲੋਕ-ਹਿਤੈਸ਼ੀ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ 300 ਮੁਫ਼ਤ ਯੂਨਿਟ ਬਿਜਲੀ, ਆਮ ਆਦਮੀ ਕਲੀਨਕਾਂ ਰਾਹੀਂ ਮੁਫ਼ਤ ਇਲਾਜ ਅਤੇ 22 ਜਨਵਰੀ ਨੂੰ ਸ਼ੁਰੂ ਹੋਣ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਪੰਜਾਬ ਦੇ ਲਗਭੱਗ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ।
Get all latest content delivered to your email a few times a month.