ਤਾਜਾ ਖਬਰਾਂ
ਗ੍ਰੇਟਰ ਨੋਇਡਾ ਦੇ ਸੈਕਟਰ-150 ਵਿੱਚ ਬੀਤੀ ਰਾਤ ਸੰਘਣੀ ਧੁੰਦ ਦੌਰਾਨ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ 27 ਸਾਲਾ ਸਾਫਟਵੇਅਰ ਇੰਜੀਨੀਅਰ ਯੁਵਰਾਜ ਮਹਿਤਾ ਦੀ ਜਾਨ ਲੈ ਲਈ। ਗੁਰੂਗ੍ਰਾਮ ਵਾਸੀ ਯੁਵਰਾਜ ਰਾਤ ਦੇ ਸਮੇਂ ਆਪਣੀ ਕਾਰ ਰਾਹੀਂ ਘਰ ਵੱਲ ਜਾ ਰਿਹਾ ਸੀ ਕਿ ਧੁੰਦ ਕਾਰਨ ਦਿੱਖ ਨਾਹ ਹੋਣ ਨਾਲ ਉਸ ਦੀ ਗੱਡੀ ਸਰਵਿਸ ਰੋਡ ’ਤੇ ਨਾਲੇ ਦੇ ਕਿਨਾਰੇ ਨਾਲ ਟਕਰਾ ਗਈ ਅਤੇ ਲਗਭਗ 70 ਫੁੱਟ ਡੂੰਘੀ, ਪਾਣੀ ਨਾਲ ਭਰੀ ਖਾਈ ਵਿੱਚ ਡਿੱਗ ਗਈ।
ਚਸ਼ਮਦੀਦਾਂ ਮੁਤਾਬਕ ਕਾਰ ਡਿੱਗਣ ਦੀ ਆਵਾਜ਼ ਅਤੇ ਮਦਦ ਲਈ ਚੀਕਾਂ ਸੁਣਾਈ ਦਿੱਤੀਆਂ, ਪਰ ਸੰਘਣੀ ਧੁੰਦ ਕਾਰਨ ਕੁਝ ਵੀ ਸਪਸ਼ਟ ਦਿਖਾਈ ਨਹੀਂ ਦੇ ਰਿਹਾ ਸੀ। ਸੂਚਨਾ ਮਿਲਣ ’ਤੇ ਪੁਲਿਸ ਅਤੇ NDRF ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਰੀਬ ਪੰਜ ਘੰਟਿਆਂ ਦੀ ਲੰਬੀ ਰੈਸਕਿਊ ਕਾਰਵਾਈ ਤੋਂ ਬਾਅਦ ਕਾਰ ਨੂੰ ਬਾਹਰ ਕੱਢਿਆ, ਪਰ ਤਦ ਤੱਕ ਯੁਵਰਾਜ ਦੀ ਮੌਤ ਹੋ ਚੁੱਕੀ ਸੀ।
ਹਾਦਸੇ ਤੋਂ ਥੋੜ੍ਹੀ ਦੇਰ ਪਹਿਲਾਂ ਯੁਵਰਾਜ ਨੇ ਆਪਣੇ ਪਿਤਾ ਰਾਜਕੁਮਾਰ ਨੂੰ ਫ਼ੋਨ ਕਰਕੇ ਮਦਦ ਦੀ ਗੁਹਾਰ ਲਾਈ। ਉਸ ਦੀ ਆਖ਼ਰੀ ਕਾਲ ਨੇ ਪਰਿਵਾਰ ਨੂੰ ਝੰਝੋੜ ਕੇ ਰੱਖ ਦਿੱਤਾ। ਪਿਤਾ ਨੇ ਤੁਰੰਤ ਲੋਕੇਸ਼ਨ ਟ੍ਰੇਸ ਕਰਕੇ ਮੌਕੇ ’ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਪੁੱਤਰ ਨੂੰ ਬਚਾਇਆ ਨਾ ਜਾ ਸਕਿਆ। ਮੌਕੇ ’ਤੇ ਪਹੁੰਚ ਕੇ ਉਹ ਸਦਮੇ ਕਾਰਨ ਬੇਹੋਸ਼ ਹੋ ਗਏ।
ਮ੍ਰਿਤਕ ਦੇ ਪਰਿਵਾਰ ਅਤੇ ਸਥਾਨਕ ਵਸਨੀਕਾਂ ਨੇ ਇਸ ਹਾਦਸੇ ਲਈ ਸਿੱਧੇ ਤੌਰ ’ਤੇ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਵਿਸ ਰੋਡ ’ਤੇ ਨਾ ਤਾਂ ਕੋਈ ਰਿਫਲੈਕਟਰ ਲਗਾਏ ਗਏ ਸਨ ਅਤੇ ਨਾ ਹੀ ਚੇਤਾਵਨੀ ਸਾਈਨ ਬੋਰਡ, ਜਿਸ ਕਾਰਨ ਧੁੰਦ ਵਿੱਚ ਖਤਰਨਾਕ ਮੋੜ ਦਾ ਅੰਦਾਜ਼ਾ ਨਹੀਂ ਲੱਗ ਸਕਿਆ। ਨਾਲ ਹੀ, ਖੁੱਲ੍ਹੇ ਨਾਲੇ ਅਤੇ ਡੂੰਘੀਆਂ ਖਾਈਆਂ ਬਿਨਾਂ ਸੁਰੱਖਿਆ ਬੰਦੋਬਸਤ ਦੇ ਛੱਡੀਆਂ ਹੋਈਆਂ ਸਨ।
ਲੋਕਾਂ ਦੇ ਵਧਦੇ ਗੁੱਸੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜਲਦਬਾਜ਼ੀ ਵਿੱਚ ਉਸ ਖਾਈ ਨੂੰ ਕੂੜੇ ਨਾਲ ਭਰ ਦਿੱਤਾ ਗਿਆ, ਜਿਸ ’ਤੇ ਵੀ ਸਵਾਲ ਉਠ ਰਹੇ ਹਨ। ਯੁਵਰਾਜ ਦੇ ਪਿਤਾ ਨੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਅਧਿਕਾਰਿਕ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਸੜਕਾਂ ’ਤੇ ਤੁਰੰਤ ਸੁਰੱਖਿਆ ਉਪਾਅ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਪਰਿਵਾਰ ਨੂੰ ਅਜਿਹਾ ਦਰਦ ਨਾ ਸਹਿਣਾ ਪਵੇ।
Get all latest content delivered to your email a few times a month.