ਤਾਜਾ ਖਬਰਾਂ
ਦਿੱਲੀ ਤੋਂ ਬਾਗਡੋਗਰਾ (ਸਿਲੀਗੁੜੀ) ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਜਹਾਜ਼ ਦੇ ਅੰਦਰ ਬੰਬ ਹੋਣ ਦੀ ਲਿਖਤੀ ਧਮਕੀ ਮਿਲੀ। ਸੁਰੱਖਿਆ ਪ੍ਰੋਟੋਕੋਲ ਨੂੰ ਮੁੱਖ ਰੱਖਦਿਆਂ ਜਹਾਜ਼ ਨੂੰ ਤੁਰੰਤ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ, ਜਿੱਥੇ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਏਟੀਸੀ ਨੂੰ ਮਿਲੀ ਸੂਚਨਾ, ਹਵਾਈ ਅੱਡੇ 'ਤੇ ਅਲਰਟ
ਐਤਵਾਰ ਸਵੇਰੇ ਕਰੀਬ 08:46 ਵਜੇ ਏਅਰ ਟ੍ਰੈਫਿਕ ਕੰਟਰੋਲ (ATC) ਨੂੰ ਸੂਚਨਾ ਮਿਲੀ ਕਿ ਇੰਡੀਗੋ ਦੀ ਫਲਾਈਟ ਨੰਬਰ 6E-6650 ਵਿੱਚ ਬੰਬ ਹੋਣ ਦਾ ਖ਼ਦਸ਼ਾ ਹੈ। ਸੂਚਨਾ ਮਿਲਦੇ ਹੀ ਲਖਨਊ ਏਅਰਪੋਰਟ 'ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਜਹਾਜ਼ ਸਵੇਰੇ 09:17 ਵਜੇ ਸੁਰੱਖਿਅਤ ਰੂਪ ਵਿੱਚ ਲੈਂਡ ਕਰ ਗਿਆ, ਜਿਸ ਤੋਂ ਬਾਅਦ ਇਸ ਨੂੰ ਮੁੱਖ ਰਨਵੇਅ ਤੋਂ ਹਟਾ ਕੇ ਤੁਰੰਤ 'ਆਈਸੋਲੇਸ਼ਨ ਬੇਅ' (Isolation Bay) ਵਿੱਚ ਲਿਜਾਇਆ ਗਿਆ।
ਟਿਸ਼ੂ ਪੇਪਰ 'ਤੇ ਲਿਖਿਆ ਸੀ- "ਜਹਾਜ਼ 'ਚ ਬੰਬ"
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਸਾਰੀ ਦਹਿਸ਼ਤ ਜਹਾਜ਼ ਦੇ ਟਾਇਲਟ ਵਿੱਚ ਮਿਲੇ ਇੱਕ ਟਿਸ਼ੂ ਪੇਪਰ ਕਾਰਨ ਫੈਲੀ। ਇਸ ਟਿਸ਼ੂ ਪੇਪਰ 'ਤੇ ਹੱਥ ਨਾਲ ਲਿਖਿਆ ਹੋਇਆ ਸੀ, "ਪਲੇਨ ਵਿੱਚ ਬੰਬ"। ਜਿਵੇਂ ਹੀ ਕਰੂ ਮੈਂਬਰਾਂ ਨੇ ਇਹ ਨੋਟ ਦੇਖਿਆ, ਉਨ੍ਹਾਂ ਨੇ ਤੁਰੰਤ ਪਾਇਲਟ ਨੂੰ ਸੂਚਿਤ ਕੀਤਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਐਮਰਜੈਂਸੀ ਲੈਂਡਿੰਗ ਦਾ ਫੈਸਲਾ ਲਿਆ ਗਿਆ।
237 ਜਿੰਦਗੀਆਂ ਸਨ ਸਵਾਰ
ਜਹਾਜ਼ ਵਿੱਚ ਕੁੱਲ 222 ਬਾਲਗ ਯਾਤਰੀ ਅਤੇ 8 ਨਿਆਣੇ (ਸ਼ਿਸ਼ੂ) ਸਵਾਰ ਸਨ। ਇਸ ਤੋਂ ਇਲਾਵਾ 2 ਪਾਇਲਟ ਅਤੇ 5 ਕਰੂ ਮੈਂਬਰ ਸਮੇਤ ਕੁੱਲ 237 ਲੋਕ ਜਹਾਜ਼ ਵਿੱਚ ਮੌਜੂਦ ਸਨ। ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਯਾਤਰੀਆਂ ਅਤੇ ਅਮਲੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਸੁਰੱਖਿਆ ਏਜੰਸੀਆਂ ਵੱਲੋਂ ਤਲਾਸ਼ੀ ਮੁਹਿੰਮ
ਏਸੀਪੀ ਰਜਨੀਸ਼ ਵਰਮਾ ਅਤੇ ਏਅਰਪੋਰਟ ਸੁਰੱਖਿਆ ਅਧਿਕਾਰੀਆਂ ਅਨੁਸਾਰ, ਬੰਬ ਨਿਰੋਧਕ ਦਸਤਾ (BDDS), ਸਥਾਨਕ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਜਹਾਜ਼ ਦੇ ਕੋਨੇ-ਕੋਨੇ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ। ਯਾਤਰੀਆਂ ਦੇ ਸਾਮਾਨ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ। ਫਿਲਹਾਲ ਸਥਿਤੀ ਕੰਟਰੋਲ ਹੇਠ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਰਤ ਕਿਸ ਦੀ ਸੀ। ਯਾਤਰੀਆਂ ਲਈ ਹਵਾਈ ਅੱਡੇ 'ਤੇ ਖਾਣ-ਪੀਣ ਅਤੇ ਅਗਲੀ ਯਾਤਰਾ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
Get all latest content delivered to your email a few times a month.