ਤਾਜਾ ਖਬਰਾਂ
ਬਠਿੰਡਾ ਦੇ ਮਾਨਸਾ ਰੋਡ ‘ਤੇ ਸਥਿਤ ਇੰਡਸਟਰੀਅਲ ਏਰੀਏ ਵਿੱਚ ਉਸ ਵੇਲੇ ਹਲਚਲ ਮਚ ਗਈ, ਜਦੋਂ ਡਰੱਗਸ ਕੰਟਰੋਲ ਬੋਰਡ ਅਤੇ ਪੁਲਿਸ ਵੱਲੋਂ ਇੱਕ ਦਵਾਈ ਬਣਾਉਣ ਵਾਲੀ ਫੈਕਟਰੀ ‘ਤੇ ਅਚਾਨਕ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ ਫੈਕਟਰੀ ਵੱਲੋਂ ਮਨਜ਼ੂਰਸ਼ੁਦਾ ਹੱਦ ਤੋਂ ਵੱਧ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਤਿਆਰ ਕਰਨ ਦੇ ਗੰਭੀਰ ਸ਼ੱਕ ਸਾਹਮਣੇ ਆਏ ਹਨ।
ਸੂਤਰਾਂ ਅਨੁਸਾਰ ਡਰੱਗਸ ਕੰਟਰੋਲ ਵਿਭਾਗ ਨੂੰ ਮਿਲੀ ਗੁਪਤ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਫੈਕਟਰੀ ਵਿੱਚ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਗੈਰਕਾਨੂੰਨੀ ਤਰੀਕੇ ਨਾਲ ਤਿਆਰ ਕਰਕੇ ਮਾਰਕੀਟ ਵਿੱਚ ਸਪਲਾਈ ਕੀਤੀਆਂ ਜਾ ਰਹੀਆਂ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ ਦਵਾਈਆਂ ਸਬੰਧੀ ਕੋਈ ਪੱਕਾ ਰਿਕਾਰਡ ਜਾਂ ਦਸਤਾਵੇਜ਼ ਵੀ ਫੈਕਟਰੀ ਕੋਲ ਮੌਜੂਦ ਨਹੀਂ ਸਨ।
ਇਸ ਸ਼ਿਕਾਇਤ ਦੇ ਆਧਾਰ ‘ਤੇ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੀਆਂ ਟੀਮਾਂ ਨੇ ਮਿਲਜੁਲ ਕੇ ਕਾਰਵਾਈ ਕਰਦਿਆਂ ਫੈਕਟਰੀ ‘ਤੇ ਛਾਪਾ ਮਾਰਿਆ। ਜਾਂਚ ਦੌਰਾਨ ਫੈਕਟਰੀ ਵਿੱਚ ਮੌਜੂਦ ਸਟਾਕ, ਉਤਪਾਦਨ ਰਜਿਸਟਰ ਅਤੇ ਹੋਰ ਅਹਿਮ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਕਤਸਰ ਜ਼ਿਲ੍ਹੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਇੱਕ ਦੋਸ਼ੀ ਦੀ ਪੁੱਛਗਿੱਛ ਦੌਰਾਨ ਇਸ ਫੈਕਟਰੀ ਦਾ ਨਾਂ ਸਾਹਮਣੇ ਆਇਆ ਸੀ। ਉਸ ਨੇ ਖੁਲਾਸਾ ਕੀਤਾ ਸੀ ਕਿ ਇੱਥੇ ਮਨਜ਼ੂਰੀ ਤੋਂ ਵੱਧ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਨਸ਼ੇ ਦੇ ਧੰਦੇ ਨਾਲ ਜੁੜੀਆਂ ਹਨ।
ਫਿਲਹਾਲ ਅਧਿਕਾਰੀ ਫੈਕਟਰੀ ਦੀ ਹਰ ਪੱਖੋਂ ਜਾਂਚ ਕਰ ਰਹੇ ਹਨ। ਡਰੱਗਸ ਕੰਟਰੋਲ ਵਿਭਾਗ ਦਾ ਕਹਿਣਾ ਹੈ ਕਿ ਸ਼ਾਮ ਤੱਕ ਪੂਰੀ ਰਿਪੋਰਟ ਤਿਆਰ ਕੀਤੀ ਜਾਵੇਗੀ, ਜਿਸ ਦੇ ਆਧਾਰ ‘ਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Get all latest content delivered to your email a few times a month.