ਤਾਜਾ ਖਬਰਾਂ
ਜ਼ਿਲ੍ਹੇ ਦੇ ਬੇਗੁਨੀਆ ਬਲਾਕ ਅਧੀਨ ਪੈਂਦੇ ਪਿੰਡ ਨਿਧੀਪੁਰ ਤੋਂ ਇੱਕ ਬੇਹੱਦ ਦੁਖਦਾਈ ਅਤੇ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ 6 ਸਾਲਾ ਬੱਚੇ ਦੀ ਚਿਪਸ ਦੇ ਪੈਕਟ ਵਿੱਚੋਂ ਨਿਕਲੇ ਛੋਟੇ ਜਿਹੇ ਗੁਬਾਰੇ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਅਭੈ ਪੈਕਰਾਏ ਦੇ ਪੁੱਤਰ ਤਾਪਸ ਪੈਕਰਾਏ ਵਜੋਂ ਹੋਈ ਹੈ। ਇਸ ਘਟਨਾ ਨੇ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਿਲਣ ਵਾਲੇ ਖਿਡੌਣਿਆਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਖਿਡੌਣਾ ਸਮਝ ਕੇ ਫੁਲਾ ਰਿਹਾ ਸੀ ਗੁਬਾਰਾ
ਪਰਿਵਾਰਕ ਮੈਂਬਰਾਂ ਅਨੁਸਾਰ, ਤਾਪਸ ਘਰ ਵਿੱਚ ਚਿਪਸ ਖਾ ਰਿਹਾ ਸੀ ਕਿ ਉਸ ਨੂੰ ਪੈਕਟ ਦੇ ਅੰਦਰੋਂ ਇੱਕ ਛੋਟਾ ਜਿਹਾ ਗੁਬਾਰਾ ਮਿਲਿਆ। ਮਾਸੂਮ ਬੱਚੇ ਨੇ ਉਸ ਨੂੰ ਖਿਡੌਣਾ ਸਮਝਿਆ ਅਤੇ ਮੂੰਹ ਨਾਲ ਹਵਾ ਭਰ ਕੇ ਫੁਲਾਉਣ ਦੀ ਕੋਸ਼ਿਸ਼ ਕਰਨ ਲੱਗਾ। ਇਸੇ ਦੌਰਾਨ ਗੁਬਾਰਾ ਅਚਾਨਕ ਖਿਸਕ ਕੇ ਉਸ ਦੇ ਗਲੇ (ਸੰਘੀ) ਵਿੱਚ ਜਾ ਫਸਿਆ। ਗੁਬਾਰਾ ਫਸਦੇ ਹੀ ਬੱਚੇ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਅਤੇ ਉਹ ਤੜਫਣ ਲੱਗ ਪਿਆ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਟੁੱਟਿਆ ਸਾਹ
ਘਬਰਾਏ ਹੋਏ ਮਾਪੇ ਬੱਚੇ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਗੁਬਾਰਾ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਬੱਚੇ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਖੁਰਦਾ ਜ਼ਿਲ੍ਹਾ ਮੁੱਖ ਹਸਪਤਾਲ ਰੈਫਰ ਕਰ ਦਿੱਤਾ ਗਿਆ, ਪਰ ਉੱਥੇ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ 'ਮ੍ਰਿਤਕ' ਐਲਾਨ ਦਿੱਤਾ।
ਪਿਤਾ ਦੀ ਦਰਦ ਭਰੀ ਦਾਸਤਾਨ
ਬੱਚੇ ਦੇ ਪਿਤਾ ਅਭੈ ਨੇ ਰੋਂਦਿਆਂ ਦੱਸਿਆ, "ਮੇਰਾ ਬੇਟਾ ਸ਼ਾਮ ਸਾਢੇ 6 ਵਜੇ ਟਿਊਸ਼ਨ ਤੋਂ ਪਰਤਿਆ ਸੀ। ਉਸ ਨੇ ਕੁਝ ਖਾਣ ਦੀ ਇੱਛਾ ਜਤਾਈ। ਜਦੋਂ ਮੈਂ ਬਾਹਰੋਂ ਖਾਣ ਦਾ ਸਾਮਾਨ ਲੈ ਕੇ ਮੁੜਿਆ ਤਾਂ ਘਰ ਦੇ ਬਾਹਰ ਭੀੜ ਜਮ੍ਹਾਂ ਸੀ। ਮੈਨੂੰ ਪਤਾ ਲੱਗਾ ਕਿ ਚਿਪਸ ਦੇ ਪੈਕਟ 'ਚੋਂ ਨਿਕਲੇ ਗੁਬਾਰੇ ਨੇ ਮੇਰੇ ਬੱਚੇ ਦੀ ਜਾਨ ਲੈ ਲਈ ਹੈ।"
ਪਿੰਡ ਵਿੱਚ ਸੋਗ ਅਤੇ ਰੋਸ
ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਪਸਰਿਆ ਹੋਇਆ ਹੈ। ਪਿੰਡ ਵਾਸੀਆਂ ਵਿੱਚ ਚਿਪਸ ਕੰਪਨੀਆਂ ਦੇ ਖ਼ਿਲਾਫ਼ ਭਾਰੀ ਰੋਸ ਹੈ, ਜੋ ਬੱਚਿਆਂ ਨੂੰ ਲੁਭਾਉਣ ਲਈ ਪੈਕਟਾਂ ਵਿੱਚ ਅਜਿਹੇ ਖ਼ਤਰਨਾਕ ਖਿਡੌਣੇ ਪਾਉਂਦੀਆਂ ਹਨ। ਮਾਪਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਵਸਤੂਆਂ 'ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਕਿਸੇ ਹੋਰ ਦਾ ਘਰ ਨਾ ਉਜੜੇ।
Get all latest content delivered to your email a few times a month.