ਤਾਜਾ ਖਬਰਾਂ
ਚੰਡੀਗੜ੍ਹ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਅੱਜ ਤੜਕਸਾਰ ਏਅਰਪੋਰਟ ਰੋਡ 'ਤੇ ਹੋਏ ਇੱਕ ਮੁਕਾਬਲੇ ਵਿੱਚ ਨਾਮੀ ਸ਼ੂਟਰ ਕਰਨ ਡਿਫਾਲਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮੁਲਜ਼ਮ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਲਿਜਾਇਆ ਜਾ ਰਿਹਾ ਸੀ ਅਤੇ ਉਸਨੇ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ।
ਮੁਕਾਬਲੇ ਦਾ ਘਟਨਾਕ੍ਰਮ
ਪੁਲਿਸ ਸੂਤਰਾਂ ਅਨੁਸਾਰ, ਰਾਣਾ ਬਲਾਚੌਰੀਆ ਕਤਲ ਕਾਂਡ ਦੇ ਮੁੱਖ ਮੁਲਜ਼ਮ ਕਰਨ ਡਿਫਾਲਟਰ ਨੂੰ ਪੁਲਿਸ ਟੀਮ ਸ਼ਨਾਖ਼ਤ ਅਤੇ ਹਥਿਆਰਾਂ ਦੀ ਬਰਾਮਦਗੀ ਲਈ ਏਅਰਪੋਰਟ ਰੋਡ ਵੱਲ ਲੈ ਕੇ ਗਈ ਸੀ। ਇਸ ਦੌਰਾਨ ਮੁਲਜ਼ਮ ਨੇ ਪੁਲਿਸ 'ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਕਰਨ ਦੀ ਲੱਤ ਵਿੱਚ ਲੱਗੀ, ਜਿਸ ਤੋਂ ਬਾਅਦ ਉਸਨੂੰ ਤੁਰੰਤ ਕਾਬੂ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ।
ਕਈ ਸੰਗੀਨ ਮਾਮਲਿਆਂ 'ਚ ਸੀ ਲੋੜੀਂਦਾ
ਦੱਸਣਯੋਗ ਹੈ ਕਿ ਕਰਨ ਡਿਫਾਲਟਰ ਦਾ ਅਪਰਾਧਿਕ ਰਿਕਾਰਡ ਕਾਫ਼ੀ ਲੰਬਾ ਹੈ। ਉਹ ਨਾ ਸਿਰਫ਼ ਕਬੱਡੀ ਖਿਡਾਰੀ ਦੇ ਕਤਲ ਵਿੱਚ ਸ਼ਾਮਲ ਸੀ, ਬਲਕਿ ਉਸ 'ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ ਕਰਨ ਦੇ ਵੀ ਸੰਗੀਨ ਦੋਸ਼ ਹਨ। ਪੁਲਿਸ ਨੇ ਉਸਨੂੰ ਹਾਲ ਹੀ ਵਿੱਚ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਸੀ।
ਕੀ ਸੀ ਰਾਣਾ ਬਲਾਚੌਰੀਆ ਕਤਲ ਕਾਂਡ?
ਬੀਤੀ 15 ਦਸੰਬਰ ਨੂੰ ਮੋਹਾਲੀ ਦੇ ਸੋਹਾਣਾ ਵਿਖੇ ਇੱਕ ਕਬੱਡੀ ਕੱਪ ਦੌਰਾਨ ਦਹਿਸ਼ਤ ਫੈਲ ਗਈ ਸੀ ਜਦੋਂ ਦੋ ਨੌਜਵਾਨਾਂ ਨੇ ਸੈਲਫੀ ਲੈਣ ਦੇ ਬਹਾਨੇ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ। ਇਸ ਵਾਰਦਾਤ ਨੂੰ ਬੇਹੱਦ ਸ਼ਾਤਰ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਦੀਆਂ ਕਈ ਟੀਮਾਂ ਨੇ ਪੱਛਮੀ ਬੰਗਾਲ, ਸਿੱਕਮ ਅਤੇ ਮਹਾਰਾਸ਼ਟਰ ਵਿੱਚ ਛਾਪੇਮਾਰੀ ਕਰਕੇ ਤਰਨਦੀਪ ਸਿੰਘ, ਆਕਾਸ਼ ਅਤੇ ਕਰਨ ਡਿਫਾਲਟਰ ਨੂੰ ਕਾਬੂ ਕੀਤਾ ਸੀ।
ਐਸ.ਐਸ.ਪੀ. ਕਰਨਗੇ ਪ੍ਰੈਸ ਕਾਨਫਰੰਸ
ਚੰਡੀਗੜ੍ਹ ਦੇ ਐਸ.ਐਸ.ਪੀ. ਹਰਮਨਦੀਪ ਸਿੰਘ ਹੰਸ ਅੱਜ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਰਾਹੀਂ ਇਸ ਐਨਕਾਊਂਟਰ ਦੇ ਵੇਰਵੇ ਸਾਂਝੇ ਕਰਨਗੇ। ਪੁਲਿਸ ਹੁਣ ਇਸ ਮਾਮਲੇ ਦੇ ਤਾਰ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ, ਖਾਸ ਕਰਕੇ ਅਮਰ ਖਾਬੇ ਰਾਜਪੂਤ ਨਾਲ ਜੋੜ ਕੇ ਦੇਖ ਰਹੀ ਹੈ। ਅਦਾਲਤ ਵੱਲੋਂ ਸੁਰੱਖਿਆ ਪ੍ਰਬੰਧਾਂ 'ਤੇ ਉਠਾਏ ਸਵਾਲਾਂ ਤੋਂ ਬਾਅਦ ਪੁਲਿਸ ਇਸ ਆਪਰੇਸ਼ਨ ਨੂੰ ਆਪਣੀ ਵੱਡੀ ਸਫ਼ਲਤਾ ਮੰਨ ਰਹੀ ਹੈ।
Get all latest content delivered to your email a few times a month.