ਤਾਜਾ ਖਬਰਾਂ
ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਮਰਿਆਦਾ ਦੇ ਉਲਟ ਜਾ ਕੇ ਕੁਰਲੀ (ਵਜ਼ੂ) ਕਰਨ ਵਾਲੇ ਦਿੱਲੀ ਦੇ ਇੱਕ ਮੁਸਲਿਮ ਨੌਜਵਾਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਘਟਨਾ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸਖ਼ਤ ਇਤਰਾਜ਼ ਜਤਾਏ ਜਾਣ ਤੋਂ ਬਾਅਦ, ਉਕਤ ਨੌਜਵਾਨ ਨੇ ਹੁਣ ਸਿੱਖ ਜਗਤ ਤੋਂ ਜਨਤਕ ਤੌਰ 'ਤੇ ਮੁਆਫ਼ੀ ਮੰਗ ਲਈ ਹੈ।
ਕੀ ਸੀ ਪੂਰਾ ਮਾਮਲਾ?
ਦਿੱਲੀ ਦੇ ਰਹਿਣ ਵਾਲੇ ਸੋਸ਼ਲ ਮੀਡੀਆ ਇੰਨਫਲੂਐਂਸਰ ਸੁਭਹਾਨ ਰੰਗਰੀਜ਼ ਨੇ ਹਾਲ ਹੀ ਵਿੱਚ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਤੇ ਇੱਕ ਰੀਲ ਬਣਾਈ ਸੀ। ਵੀਡੀਓ ਵਿੱਚ ਦੇਖਿਆ ਗਿਆ ਕਿ ਉਹ ਪਵਿੱਤਰ ਸਰੋਵਰ ਵਿੱਚੋਂ ਪਾਣੀ ਮੂੰਹ ਵਿੱਚ ਪਾ ਕੇ ਉੱਥੇ ਹੀ ਥੁੱਕ ਦਿੰਦਾ ਹੈ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਨਸ਼ਰ ਹੋਈ, ਸਿੱਖ ਸੰਗਤਾਂ ਵਿੱਚ ਭਾਰੀ ਰੋਸ ਦੀ ਲਹਿਰ ਦੌੜ ਗਈ ਕਿਉਂਕਿ ਇਸ ਪਵਿੱਤਰ ਸਰੋਵਰ ਵਿੱਚ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਸ਼ਰਧਾ ਨਾਲ ਇਸ਼ਨਾਨ ਕਰਦੇ ਹਨ।
ਮੁਆਫ਼ੀਨਾਮਾ: 'ਮਰਿਆਦਾ ਦੀ ਜਾਣਕਾਰੀ ਨਹੀਂ ਸੀ'
ਚੌਤਰਫ਼ਾ ਘਿਰਨ ਤੋਂ ਬਾਅਦ ਸੁਭਹਾਨ ਨੇ ਇੱਕ ਨਵੀਂ ਵੀਡੀਓ ਜਾਰੀ ਕਰਕੇ ਆਪਣੀ ਗਲਤੀ ਕਬੂਲ ਕੀਤੀ ਹੈ। ਉਸਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ:
"ਮੇਰਾ ਇਰਾਦਾ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਮੈਂ ਬਚਪਨ ਤੋਂ ਇੱਥੇ ਆਉਣਾ ਚਾਹੁੰਦਾ ਸੀ।"
"ਮੈਨੂੰ ਉੱਥੋਂ ਦੀ ਮਰਿਆਦਾ ਬਾਰੇ ਪਤਾ ਨਹੀਂ ਸੀ ਅਤੇ ਨਾ ਹੀ ਮੌਕੇ 'ਤੇ ਕਿਸੇ ਨੇ ਮੈਨੂੰ ਰੋਕਿਆ।"
"ਮੈਂ ਸਾਰੇ ਸਿੱਖ ਭਰਾਵਾਂ ਤੋਂ ਮੁਆਫ਼ੀ ਮੰਗਦਾ ਹਾਂ ਅਤੇ ਜਲਦ ਹੀ ਦੁਬਾਰਾ ਦਰਬਾਰ ਸਾਹਿਬ ਜਾ ਕੇ ਉੱਥੇ ਵੀ ਮੁਆਫ਼ੀ ਮੰਗਾਂਗਾ।"
ਦੋ ਵੱਖ-ਵੱਖ ਪਹਿਲੂਆਂ ਵਾਲੀਆਂ ਵੀਡੀਓਜ਼
ਨੌਜਵਾਨ ਨੇ ਇੰਸਟਾਗ੍ਰਾਮ 'ਤੇ ਦੋ ਤਰ੍ਹਾਂ ਦੇ ਵੀਡੀਓ ਸਾਂਝੇ ਕੀਤੇ ਸਨ। ਪਹਿਲੇ ਵੀਡੀਓ ਵਿੱਚ ਉਹ ਸਰੋਵਰ ਦੀ ਮਰਿਆਦਾ ਭੰਗ ਕਰਦਾ ਦਿਖਿਆ, ਜਦਕਿ ਦੂਜੇ ਵੀਡੀਓ ਵਿੱਚ ਉਹ 'ਹਿੰਦੂ-ਮੁਸਲਿਮ-ਸਿੱਖ-ਈਸਾਈ ਏਕਤਾ' ਦੀ ਗੱਲ ਕਰ ਰਿਹਾ ਸੀ। ਉਸਨੇ ਕਿਹਾ ਕਿ ਉਹ ਅਜਿਹਾ ਭਾਰਤ ਚਾਹੁੰਦਾ ਹੈ ਜਿੱਥੇ ਸਾਰੇ ਧਰਮ ਮਿਲ ਕੇ ਰਹਿਣ ਅਤੇ ਪੰਜਾਬ ਵਿੱਚ ਉਸਨੂੰ ਟੋਪੀ ਪਹਿਨਣ 'ਤੇ ਕਿਸੇ ਨੇ ਨਹੀਂ ਟੋਕਿਆ।
ਐਸਜੀਪੀਸੀ ਦੀ ਸਖ਼ਤ ਚਿਤਾਵਨੀ
ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਨੂੰ ਬੇਹੱਦ ਮੰਦਭਾਗਾ ਦੱਸਿਆ ਹੈ। ਕਮੇਟੀ ਦਾ ਕਹਿਣਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਇੱਕ ਨਿਰਧਾਰਿਤ ਮਰਿਆਦਾ ਹੈ, ਜਿਸ ਦਾ ਸਤਿਕਾਰ ਹਰ ਧਰਮ ਦੇ ਸ਼ਰਧਾਲੂ ਨੂੰ ਕਰਨਾ ਚਾਹੀਦਾ ਹੈ। ਰੀਲਾਂ ਬਣਾਉਣ ਦੀ ਹੋੜ ਵਿੱਚ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Get all latest content delivered to your email a few times a month.