ਤਾਜਾ ਖਬਰਾਂ
ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਹਾਲੀਆ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਚੱਲ ਰਹੀ ਅੰਦਰੂਨੀ ਗਠਜੋੜ ਦੀ ਚਰਚਾ ਨੂੰ ਖੁੱਲ੍ਹ ਕੇ ਸਾਹਮਣੇ ਲਿਆ ਦਿੱਤਾ ਹੈ। ਪੰਨੂ ਅਨੁਸਾਰ, ਬਿੱਟੂ ਨੇ ਆਪਣੇ ਆਪ ਮੰਨ ਲਿਆ ਹੈ ਕਿ ਜੇ ਬਾਦਲ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦਾ ਸਿਆਸੀ ਗਠਜੋੜ ਬਣਦਾ ਹੈ, ਤਾਂ ਇਸ ਦਾ ਸਿੱਧਾ ਅਰਥ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੇ ਦੌਰ ਦੀ ਮੁੜ ਵਾਪਸੀ ਹੋਵੇਗੀ।
ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਪੰਨੂ ਨੇ ਕਿਹਾ ਕਿ ਬਿੱਟੂ ਦੇ ਇਹ ਸ਼ਬਦ ਸਿਰਫ਼ ਰਾਜਨੀਤਕ ਟਿੱਪਣੀਆਂ ਨਹੀਂ, ਸਗੋਂ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਪੰਜਾਬ ਨਾਲ ਹੋਈ ਤਬਾਹੀ ਦਾ ਖੁੱਲ੍ਹਾ ਇਕਬਾਲ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਦੌਰਾਨ ਸੂਬੇ ਵਿੱਚ ਸਿੰਥੈਟਿਕ ਨਸ਼ਿਆਂ ਦਾ ਫੈਲਾਅ, ਗੈਂਗਸਟਰ ਕਲਚਰ ਅਤੇ ਕਾਨੂੰਨ-ਵਿਵਸਥਾ ਦੀ ਗੰਭੀਰ ਗਿਰਾਵਟ ਸਭ ਦੇ ਸਾਹਮਣੇ ਹੈ।
ਬਲਤੇਜ ਪੰਨੂ ਨੇ ਸਵਾਲ ਉਠਾਇਆ ਕਿ ਜੇ ਰਵਨੀਤ ਬਿੱਟੂ ਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਬਾਦਲ ਪਰਿਵਾਰ ਦੇ ਸ਼ਾਸਨ ਦੌਰਾਨ ਪੰਜਾਬ ਨੂੰ ਨਸ਼ਿਆਂ ਅਤੇ ਅਪਰਾਧ ਵੱਲ ਧੱਕਿਆ ਗਿਆ, ਤਾਂ ਫਿਰ ਭਾਜਪਾ ਦੇ ਕੁਝ ਆਗੂ ਅੱਜ ਵੀ ਉਨ੍ਹਾਂ ਨਾਲ ਹੱਥ ਮਿਲਾਉਣ ਦੀ ਗੱਲ ਕਿਉਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਭਾਜਪਾ ਦੀ ਅੰਦਰੂਨੀ ਸਿਆਸਤ ਵਿੱਚ ਲੁਕਿਆ ਹੋਇਆ ਹੈ।
ਪੰਨੂ ਨੇ ਦੱਸਿਆ ਕਿ ਅੱਜ ਪੰਜਾਬ ਭਾਜਪਾ ਦੀ ਕਮਾਨ ਸੁਨੀਲ ਜਾਖੜ ਵਰਗੇ ਸਾਬਕਾ ਕਾਂਗਰਸੀ ਆਗੂ ਕੋਲ ਹੈ, ਜਦਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਦੇ ਵੱਡੇ ਨੇਤਾ ਹਨ। ਇਹ ਦੋਵੇਂ ਆਗੂ ਖੁੱਲ੍ਹ ਕੇ ਕਹਿੰਦੇ ਹਨ ਕਿ ਬਾਦਲਾਂ ਨਾਲ ਗਠਜੋੜ ਤੋਂ ਬਿਨਾਂ ਭਾਜਪਾ ਪੰਜਾਬ ਵਿੱਚ ਆਪਣਾ ਅਸਤੀਤਵ ਨਹੀਂ ਬਚਾ ਸਕਦੀ। ਪੰਨੂ ਨੇ ਪੁੱਛਿਆ ਕਿ ਕੀ ਇਹ ਆਗੂ ਅਣਜਾਣ ਹਨ ਕਿ ਨਸ਼ਿਆਂ ਅਤੇ ਗੈਂਗਸਟਰਾਂ ਨੂੰ ਕਿਸ ਨੇ ਪਾਲਿਆ ਜਾਂ ਫਿਰ ਸਿਰਫ਼ ਸਿਆਸੀ ਫ਼ਾਇਦੇ ਲਈ ਸੱਚਾਈ ਤੋਂ ਅੱਖਾਂ ਮੂੰਦ ਰਹੇ ਹਨ।
ਉਨ੍ਹਾਂ ਯਾਦ ਦਿਵਾਇਆ ਕਿ ਅਕਾਲੀ-ਭਾਜਪਾ ਰਾਜ ਦੌਰਾਨ ਹੀ ‘ਚਿੱਟਾ’ ਸ਼ਬਦ ਆਮ ਬੋਲਚਾਲ ਦਾ ਹਿੱਸਾ ਬਣਿਆ, ਵੱਡੇ ਅਕਾਲੀ ਆਗੂਆਂ ਦੇ ਨਾਂ ਨਸ਼ਾ ਤਸਕਰੀ ਨਾਲ ਜੁੜੇ, ਨਾਭਾ ਜੇਲ੍ਹ ਤੋੜੀ ਗਈ ਅਤੇ ਕਈ ਭਿਆਨਕ ਅਪਰਾਧ ਹੋਏ। ਪੰਨੂ ਨੇ ਕਿਹਾ ਕਿ ਇਹ ਸਾਰੇ ਮਾਮਲੇ ਉਸ ਦੌਰ ਦੀ ਕਾਨੂੰਨ-ਵਿਵਸਥਾ ਦੀ ਨਾਕਾਮੀ ਨੂੰ ਦਰਸਾਉਂਦੇ ਹਨ।
ਕਾਂਗਰਸ ਦੇ 2017 ਤੋਂ 2022 ਤੱਕ ਦੇ ਰਾਜ ਨੂੰ ਲੈ ਕੇ ਵੀ ਪੰਨੂ ਨੇ ਬਿੱਟੂ ਦੀ ਚੁੱਪ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜੇ ਬਿੱਟੂ ਨੂੰ ਸੱਚ ਦਾ ਪਤਾ ਸੀ, ਤਾਂ ਕਾਂਗਰਸ ਸਰਕਾਰ ਦੌਰਾਨ ਬਾਦਲਾਂ ਵਿਰੁੱਧ ਕੋਈ ਢੁਕਵੀਂ ਕਾਰਵਾਈ ਕਿਉਂ ਨਹੀਂ ਹੋਈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਇਕ ਦੂਜੇ ਨੂੰ ਬਚਾਉਂਦੇ ਰਹੇ।
ਪੰਨੂ ਨੇ ਕਿਹਾ ਕਿ 2022 ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਵਿਰੁੱਧ ਲਗਾਤਾਰ ਅਤੇ ਨਿਰੰਤਰ ਕਾਰਵਾਈ ਹੋ ਰਹੀ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਤੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਪੁਲਿਸ ਕਾਰਵਾਈ ਇਸ ਗੱਲ ਦਾ ਸਬੂਤ ਹੈ ਕਿ ਹੁਣ ਅਪਰਾਧੀਆਂ ਨੂੰ ਕੋਈ ਸਿਆਸੀ ਸੁਰੱਖਿਆ ਨਹੀਂ ਮਿਲ ਰਹੀ।
ਅੰਤ ਵਿੱਚ ਪੰਨੂ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਦੂਜੀਆਂ ਪਾਰਟੀਆਂ ‘ਤੇ ਉਂਗਲ ਉਠਾਉਣ ਦੀ ਬਜਾਏ ਆਪਣੀ ਪਾਰਟੀ ਦੇ ਆਗੂਆਂ ਤੋਂ ਜਵਾਬ ਮੰਗਣਾ ਚਾਹੀਦਾ ਹੈ, ਜੋ ਬਾਦਲਾਂ ਨਾਲ ਗਠਜੋੜ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਸਚੇਤ ਹੈ ਅਤੇ ਸੂਬੇ ਨੂੰ ਮੁੜ ਹਨੇਰੇ ਦੌਰ ਵੱਲ ਧੱਕਣ ਵਾਲਿਆਂ ਨੂੰ ਕਦੇ ਕਬੂਲ ਨਹੀਂ ਕਰੇਗੀ।
Get all latest content delivered to your email a few times a month.