IMG-LOGO
ਹੋਮ ਪੰਜਾਬ: ਆਸਟਰੇਲੀਆ ਦੀ ਸੰਸਦ 'ਚ ਪਹਿਲੀ ਸਿੱਖ ਇਸਤਰੀ ਮੈਂਬਰ ਡਾ. ਪਰਵਿੰਦਰ...

ਆਸਟਰੇਲੀਆ ਦੀ ਸੰਸਦ 'ਚ ਪਹਿਲੀ ਸਿੱਖ ਇਸਤਰੀ ਮੈਂਬਰ ਡਾ. ਪਰਵਿੰਦਰ ਕੌਰ ਨਾਭਾ ਵਿਖੇ ਲੋਕ ਸਨਮਾਨ ਨਾਲ ਸਨਮਾਨਿਤ

Admin User - Jan 16, 2026 06:26 PM
IMG

ਡਾ. ਪਰਵਿੰਦਰ ਕੌਰ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚੋਂ ਬੀ ਐੱਸ ਸੀ ਐਗਰੀਕਲਚਰ ਔਨਰਜ਼ ਤੇ ਐੱਮ ਐੱਸ ਸੀ ਕਰਕੇ ਆਸਟ੍ਰੇਲੀਆ ਪੀ ਐੱਚ ਡੀ ਕਰਨ ਗਈ ਸੀ। ਉੱਥੇ ਡਾਕਟਰੇਟ ਕਰਕੇ ਰੁਜ਼ਗਾਰ ਕਮਾਉਂਦੀ ਅੱਜ ਮੈਂਬਰ ਪਾਰਲੀਮੈਂਟ ਹੈ। ਉਹ ਅੱਜ ਕੱਲ੍ਹ ਪੰਜਾਬ ਆਈ ਹੋਈ ਹੈ। ਸਹੁਰੇ ਘਰ ਨਾਭਾ ਵਿੱਤ ਅੱਜ ਉਸ ਦਾ ਦਰਸ਼ਨ ਬੁੱਟਰ ਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਭਾਈ ਕਾਹਨ ਸਿੰਘ ਨਾਭਾ ਜ਼ਿਲ੍ਹਾ ਲਾਇਬਰੇਰੀ ਵਿਖੇ ਲੋਕ ਸਨਮਾਨ ਕੀਤਾ ਗਿਆ। 

ਪਰਵਿੰਦਰ ਕੌਰ ਦੇ ਮਾਪੇ ਆਰਥਿਕ ਤੌਰ ‘ਤੇ ਪਰਵਾਸ ਵਿੱਚ ਪੜ੍ਹਾਈ ਕਰਵਾਉਣ ਦੀ ਸਮਰੱਥਾ ਨਹੀਂ ਰੱਖਦੇ ਸਨ, ਕਿਉਂਕਿ ਉਹ ਛੋਟੇ ਜ਼ਿਮੀਦਾਰ ਹਨ। ਦੂਜੇ ਉਸਦੇ ਪਿਤਾ ਫੌਜ ਵਿੱਚੋਂ ਸੇਵਾ ਮੁਕਤ ਹੋ ਚੁੱਕੇ ਸਨ, ਪ੍ਰੰਤੂ ਜਦੋਂ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਆਸਟਰੇਲੀਆ ਵਿੱਚ ਪੜ੍ਹਨ ਜਾਣ ਦੀ ਇੱਛਾ ਰੱਖਦੀ ਹੈ ਤਾਂ ਪਿਤਾ ਹਿਚਕਚਾ ਰਹੇ ਸਨ, ਪ੍ਰੰਤੂ ਪਰਵਿੰਦਰ ਕੌਰ ਨੇ ਦੱਸਿਆ ਕਿ ਪੜ੍ਹਾਈ ਦਾ ਸਾਰਾ ਖ਼ਰਚਾ ਯੂਨੀਵਰਸਿਟੀ ਉਠਾਏਗੀ। ਪਹਿਲਾਂ ਤਾਂ ਪਰਵਿੰਦਰ ਕੌਰ ਦੇ ਪਿਤਾ ਨੂੰ ਵਿਸ਼ਵਾਸ ਹੀ ਨਹੀਂ ਆ ਰਿਹਾ ਸੀ। ਪਰਿਵਾਰ ਦੀ ਪ੍ਰਵਾਨਗੀ ਤੋਂ ਬਾਅਦ ਪਰਵਿੰਦਰ ਕੌਰ ਪੀ. ਐਚ. ਡੀ. ਕਰਨ ਲਈ ਆਸਟਰੇਲੀਆ ਪਹੁੰਚ ਗਈ। ਆਸਟਰੇਲੀਆ ਪਹੁੰਚ ਕੇ ਪਰਵਿੰਦਰ ਕੌਰ ਨੇ ਬੜੀ ਸਖ਼ਤ ਮਿਹਨਤ ਕੀਤੀ। ਪਰਵਿੰਦਰ ਕੌਰ ਨੇ ਖੋਜ ਕਰਦਿਆਂ ਮਹਿਸੂਸ ਕੀਤਾ ਕਿ ਇਨਸਾਨ ਨੂੰ ਆਪਣੀ ਪ੍ਰਤਿਭਾ ਦੀ ਪਹਿਲਾਂ ਪਛਾਣ ਕਰਨੀ ਚਾਹੀਦੀ ਹੈ। ਫਿਰ ਉਸ ਦਾ ਸਦਉਪਯੋਗ ਕਰਨ ਦੇ ਢੰਗ ਤਰੀਕੇ ਅਪਨਾਉਣੇ ਚਾਹੀਦੇ ਹਨ। ਉਹ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦੀ ਹੈ ਕਿ ਉਸਨੂੰ ਉਸਦੇ ਸ਼ੌਕ ਅਨੁਸਾਰ ਡੀ. ਐਨ. ਏ.ਵਰਗੇ ਉਸਦੇ ਪਸੰਦੀਦਾ ਵਿਸ਼ੇ ‘ਤੇ ਖੋਜ ਕਰਨ ਦਾ ਮੌਕਾ ਮਿਲ ਗਿਆ। ਫਿਰ ਉਸਨੇ ਇਸ ਮੌਕੇ ਨੂੰ ਸੰਭਾਲਦਿਆਂ ਦਿ੍ਰੜ੍ਹਤਾ ਅਤੇ ਲਗਨ ਨਾਲ ਖੋਜ ਵਿੱਚ ਦਿਲਚਸਪੀ ਲਈ, ਜਿਸਦੇ ਨਤੀਜੇ ਵਜੋਂ ਉਸਨੂੰ 10 ਸਾਲ ਦੀ ਮਿਹਨਤ ਦਾ ਫਲ 2010 ਵਿੱਚ ਪੀ. ਐਚ. ਡੀ. ਦੀ ਡਿਗਰੀ ਨਾਲ ਮਿਲਿਆ। ਇਸ ਖੋਜ ਕਾਰਜ ‘ਤੇ ਉਸਦਾ ਇੱਕ ਧੇਲਾ ਵੀ ਨਹੀਂ ਲੱਗਿਆ, ਸਗੋਂ ਸਾਰਾ ਖ਼ਰਚਾ ਯੂਨੀਵਰਸਿਟੀ ਨੇ ਕੀਤਾ। ਉਹ ਮਹਿਸੂਸ ਕਰਦੀ ਹੈ ਕਿ ਉਸਦੇ ਸ਼ੌਕ ਦੀ ਪੂਰਤੀ ਹੁੰਦੀ ਹੈ ਤੇ ਨਾਲੇ ਉਸਦੇ ਪੈਸੇ ਮਿਲਦੇ ਹਨ। ਹੁਣ ਤਾਂ ਆਸਟਰੇਲੀਆ ਦੀ ਸਰਕਾਰ ਨੇ ਪਰਵਿੰਦਰ ਕੌਰ ਦੀ ਆਸਟਰੇਲੀਆ ਲਈ ਕੀਤੀ ਖੋਜ ਦਾ ਮੁੱਲ ਉਸਨੂੰ ਅਪਰ ਹਾਊਸ ਦੀ ਮੈਂਬਰ ਬਣਾ ਕੇ ਪਾ ਦਿੱਤਾ ਹੈ।

ਪਰਵਿੰਦਰ ਕੌਰ ਦੀ ਖੋਜ ਵਿਲੱਖਣ ਹੈ, ਖਾਸ ਤੌਰ ‘ਤੇ ਆਸਟਰੇਲੀਆ ਵਿੱਚ ਪਸ਼ੂਆਂ ਦੀ ਬਿਹਤਰੀ ਲਈ ਕਾਰਗਰ ਸਾਬਤ ਹੋਈ ਹੈ। ਆਸਟਰੇਲੀਆ ਦੀ ਬਹੁਤ ਵੱਡੀ ਸਮੱਸਿਆ ਸੀ, ਪਸ਼ੂਆਂ ਦੇ ਚਾਰੇ ਵਿੱਚ ਕੁਝ ਅਜਿਹੇ ਖ਼ਤਰਨਾਕ ਤੱਤ ਸਨ, ਜਿਨ੍ਹਾਂ ਕਾਰਨ ਬਹੁਤ ਵਧੇਰੇ ਮਾਤਰਾ ਵਿੱਚ ਮੀਥੇਨ ਗੈਸ ਬਣਦੀ ਸੀ, ਜੋ ਕਿ ਓਜ਼ੋਨ ‘ਚ ਹੋਏ ਸੁਰਾਖ਼ ਲਈ ਜ਼ਿੰਮੇਵਾਰ ਹੁੰਦੀ ਹੈ। ਆਸਟਰੇਲੀਆ ਵਿੱਚ ਬਣਦੀ ਕੁਲ ਮੀਥੇਨ ਗੈਸ ਦਾ 40 ਫ਼ੀਸਦੀ ਹਿੱਸਾ ਇਸ ਚਾਰੇ ਨੂੰ ਖਾ ਕੇ ਇਹ ਜਾਨਵਰ ਬਣਾਉਂਦੇ ਸਨ, ਪ੍ਰੰਤੂ ਡਾ ਪਰਵਿੰਦਰ ਕੌਰ ਦੀ ਮਿਹਨਤ ਸਦਕਾ ਇਸ ‘ਤੇ ਕਾਬੂ ਪੈਣਾ ਸ਼ੁਰੂ ਹੋ ਗਿਆ। ਡਾ. ਪਰਵਿੰਦਰ ਕੌਰ ਦੀ ਦੂਜੀ ਪ੍ਰਾਪਤੀ ਕਰੋਨਾ ਸਮੇਂ ਉਸਨੇ ਖੋਜ ਕੀਤੀ ਕਿ ਕਰੋਨਾ ਦਾ ਡੀ. ਐਨ. ਏ.ਕੋਡ ਫ਼ਸਲਾਂ ਦੇ ਕੋਡ ਨਾਲੋਂ ਛੋਟਾ ਹੈ, ਪਰ ਇਸ ਦਾ ਸਿੱਧਾ ਇਨਸਾਨ ਦੀ ਸਿਹਤ ਨਾਲ ਸੰਬੰਧ ਹੈ। ਉਸਨੇ ਮਿਹਨਤ ਕਰਕੇ ਕਰੋਨਾ ਦੇ ਕੋਡ ਨੂੰ ਡੀ ਕੋਡ ਕਰ ਦਿੱਤਾ। ਡਾ. ਪਰਵਿੰਦਰ ਕੌਰ ਖੋਜ ਨੂੰ ਇਤਨੀ ਸਮਰਪਤ ਹੈ ਕਿ ਉਹ ਆਪਣੇ 15 ਦਿਨਾਂ ਦੇ ਲੜਕੇ ਨੂੰ ਆਪਣੇ ਪਰਿਵਾਰ ਤੇ ਪਤੀ ਕੋਲ ਛੱਡਕੇ ਦੂਜੇ ਦੇਸਾਂ ਵਿੱਚ ਖੋਜ ਕਾਰਜ ਲਈ ਚਲੀ ਗਈ ਸੀ, ਹਾਲਾਂ ਕਿ ਉਹ ਛੇ ਮਹੀਨੇ ਦੀ ਛੁੱਟੀ ਲੈ ਸਕਦੀ ਸੀ ਪ੍ਰੰਤੂ ਡਾ. ਪਰਵਿੰਦਰ ਕੌਰ ਨੇ ਖੋਜ ਨੂੰ ਪਹਿਲ ਦਿੱਤੀ। ਇਸੇ ਤਰ੍ਹਾਂ ਪਰਵਿੰਦਰ ਕੌਰ ਨੂੰ ਉਸਦੇ ਮਾਪਿਆਂ ਨੇ ਉਸਦੇ ਭਰਾ ਦੀ ਤਰ੍ਹਾਂ ਹੀ ਸਹੂਲਤਾਂ ਦੇਣ ਸਮੇਂ ਕੋਈ ਫਰਕ ਨਹੀਂ ਰੱਖਿਆ, ਸਗੋਂ ਬਰਾਬਰ ਸਤਿਕਾਰ ਦਿੱਤਾ। ਪਰਵਿੰਦਰ ਕੌਰ ਦਾ ਵਿਆਹ ਉਸਦੇ ਸਕੂਲ ਵਿੱਚ ਗਿਆਰਵੀਂ ਦੇ ਜਮਾਤੀ ਅਮਿਤ ਨਾਲ ਹੋਇਆ, ਜਿਹੜਾ ਸਕੂਲ ਦੀ ਪੜ੍ਹਾਈ ਸਮੇਂ ਉਸ ਨਾਲ ਮੁਕਾਬਲੇ ਵਿੱਚ ਹੁੰਦਾ ਸੀ। ਜੀਵਨ ਸਾਥੀ ਦੇ ਤੌਰ ‘ਤੇ ਅਮਿਤ ਦਾ ਸਾਥ ਤੇ ਸਹਿਯੋਗ ਕਾਬਲੇ ਤਾਰੀਫ਼ ਹੈ। ਡਾ. ਪਰਵਿੰਦਰ ਕੌਰ ਬਹੁਪੱਖੀ ਸ਼ਖਸੀਅਤ ਦੀ ਮਾਲਕ ਹੈ। 17 ਜਨਵਰੀ ਨੂੰ ਉਹ ਚੰਡੀਗੜ੍ਹ ਜਾਵੇਗੀ ਜਿੱਥੇ ਮੀਡੀਆ ਅਦਾਰਿਆਂ ਨਾਲ ਮੁਲਾਕਾਤ ਕਰੇਗੀ। ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਉਹ ਨਵੀਂ ਦਿੱਲੀ ਰਹੇਗੀ। ਸ਼ੁੱਕਰਵਾਰ ਲੁਧਿਆਣਾ ਵਿੱਚ ਆ ਕੇ ਆਪਣੀ ਯੂਨੀਵਰਸਿਟੀ ਵਿੱਚ ਸ਼ੁਕਰਾਨਾ ਕਰੇਗੀ। 


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.