ਤਾਜਾ ਖਬਰਾਂ
ਲੁਧਿਆਣਾ ਦੇ ਦੀਪ ਨਗਰ ਇਲਾਕੇ ਵਿੱਚ ਵੀਰਵਾਰ ਦੁਪਹਿਰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਹੌਜ਼ਰੀ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਭੜਕ ਉੱਠੀ। ਅੱਗ ਲੱਗਣ ਦੀ ਇਹ ਘਟਨਾ ਗੋਇਲ ਹੌਜ਼ਰੀ ਮਿੱਲ ਵਿੱਚ ਵਾਪਰੀ, ਜਿੱਥੇ ਸਰਦੀਆਂ ਦੇ ਕੱਪੜੇ ਅਤੇ ਹੌਜ਼ਰੀ ਦਾ ਸਮਾਨ ਤਿਆਰ ਕੀਤਾ ਜਾਂਦਾ ਹੈ। ਅੱਗ ਦੀ ਲਪਟਾਂ ਅਤੇ ਧੂੰਏਂ ਕਾਰਨ ਫੈਕਟਰੀ ਅੰਦਰ ਅਤੇ ਆਲੇ-ਦੁਆਲੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ, ਉਹ ਦੁਪਹਿਰ ਦੇ ਖਾਣੇ ਤੋਂ ਬਾਅਦ ਧੁੱਪ ਸੇਕ ਰਹੇ ਸਨ ਕਿ ਅਚਾਨਕ ਹੇਠਾਂ ਵੱਲੋਂ ਸੜਨ ਦੀ ਤੇਜ਼ ਬਦਬੂ ਆਉਣੀ ਸ਼ੁਰੂ ਹੋ ਗਈ। ਜਦੋਂ ਉਹ ਤੁਰੰਤ ਹੇਠਾਂ ਗਏ ਤਾਂ ਇੱਕ ਵਿਅਕਤੀ ਫੈਕਟਰੀ ਅੰਦਰ ਅੱਗ ਅਤੇ ਧੂੰਏਂ ਵਿਚਕਾਰ ਫਸਿਆ ਹੋਇਆ ਸੀ, ਜਿਸਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਇਸ ਦੌਰਾਨ ਅਮੀਰੀ ਪ੍ਰਸਾਦ ਨਾਮਕ ਵਿਅਕਤੀ ਨੂੰ ਅੱਗ ਦਾ ਧੂੰਆ ਚੜ੍ਹ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਉਸਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਪੀੜਤਾਂ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਦੁਪਹਿਰ ਕਰੀਬ 2:30 ਵਜੇ ਵਾਪਰੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਲਈ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਦੋ ਮੰਜ਼ਿਲਾ ਫੈਕਟਰੀ ਵਿੱਚ ਰੱਖਿਆ ਧਾਗਾ, ਸਵੈਟਰਾਂ ਲਈ ਵਰਤਿਆ ਜਾਣ ਵਾਲਾ ਕੱਚਾ ਮਾਲ ਅਤੇ ਤਿਆਰ ਸਮਾਨ ਅੱਗ ਦੀ ਭੇਟ ਚੜ੍ਹ ਕੇ ਪੂਰੀ ਤਰ੍ਹਾਂ ਸੜ ਗਿਆ, ਜਿਸ ਨਾਲ ਲੱਖਾਂ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਫਿਲਹਾਲ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਦਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
Get all latest content delivered to your email a few times a month.