ਤਾਜਾ ਖਬਰਾਂ
ਰਾਸ਼ਟਰ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਸਾਬਕਾ ਸੈਨਿਕਾਂ ਦੀ ਬਹਾਦਰੀ, ਕੁਰਬਾਨੀ ਅਤੇ ਅਟੁੱਟ ਜਜ਼ਬੇ ਨੂੰ ਸਲਾਮ ਕਰਦਿਆਂ, ਭਾਰਤੀ ਫੌਜ ਦੀ ਪੱਛਮੀ ਕਮਾਂਡ ਅਧੀਨ ਵਜਰਾ ਕੋਰ ਵੱਲੋਂ 14 ਜਨਵਰੀ 2026 ਨੂੰ ਖਾਸਾ, ਅੰਮ੍ਰਿਤਸਰ ਵਿਖੇ 10ਵਾਂ ਡਿਫੈਂਸ ਸਰਵਿਸਿਜ਼ ਵੈਟਰਨਜ਼ ਡੇ ਸ਼ਰਧਾ ਅਤੇ ਗੌਰਵ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ, ਬਹਾਦਰੀ ਅਵਾਰਡ ਜੇਤੂ, ਵੀਰ ਨਾਰੀਆਂ, ਰੱਖਿਆ ਬਲਾਂ ਦੇ ਪਰਿਵਾਰਕ ਮੈਂਬਰ ਅਤੇ ਵਿਧਵਾਵਾਂ ਸ਼ਾਮਲ ਹੋਏ।
ਡਿਫੈਂਸ ਸਰਵਿਸਿਜ਼ ਵੈਟਰਨਜ਼ ਡੇ ਹਰ ਸਾਲ 14 ਜਨਵਰੀ ਨੂੰ ਭਾਰਤ ਦੇ ਪਹਿਲੇ ਭਾਰਤੀ ਕਮਾਂਡਰ-ਇਨ-ਚੀਫ਼ ਫੀਲਡ ਮਾਰਸ਼ਲ ਕੇ.ਐਮ. ਕਰਿਅੱਪਾ ਦੀ ਸੇਵਾਮੁਕਤੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਹਥਿਆਰਬੰਦ ਸੈਨਾਵਾਂ ਅਤੇ ਉਨ੍ਹਾਂ ਦੇ ਸਾਬਕਾ ਸੈਨਿਕਾਂ ਵਿਚਕਾਰ ਸਦੀਵੀ ਸਾਂਝ, ਆਦਰ ਅਤੇ ਭਰੋਸੇ ਦਾ ਪ੍ਰਤੀਕ ਹੈ।
ਇਸ ਸਮਾਗਮ ਦੀ ਅਗਵਾਈ ਕਰਦੇ ਹੋਏ ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ, ਏ.ਵੀ.ਐਸ.ਐਮ., ਵੀ.ਐਸ.ਐਮ., ਜੀ.ਓ.ਸੀ., ਵਜਰਾ ਕੋਰ ਨੇ ਆਰਮੀ ਕਮਾਂਡਰ, ਪੱਛਮੀ ਕਮਾਂਡ ਦੀ ਤਰਫੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਸ਼ ਲਈ ਕੀਤੀਆਂ ਬੇਮਿਸਾਲ ਕੁਰਬਾਨੀਆਂ ਲਈ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਫੌਜ ਹਮੇਸ਼ਾ ਆਪਣੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਇਜ਼ਤ, ਸਹਾਇਤਾ ਅਤੇ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਰਹੇਗੀ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਸਾਬਕਾ ਸੈਨਿਕਾਂ ਦੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਪੰਜਾਬ ਵਿੱਚ ਹਾਲ ਹੀ ਵਿੱਚ ਆਈਆਂ ਹੜ੍ਹਾਂ ਦੌਰਾਨ ਸਾਬਕਾ ਸੈਨਿਕਾਂ ਵੱਲੋਂ ਨਿਭਾਈ ਗਈ ਸਰਾਹਣਯੋਗ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਸੂਬਾ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਲਈ ਪੂਰਾ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਇਸ ਵੱਡੇ ਪੱਧਰ ਦੇ ਪ੍ਰੋਗਰਾਮ ਤਹਿਤ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ 40 ਤੋਂ ਵੱਧ ਸ਼ਿਕਾਇਤ ਨਿਵਾਰਣ ਕਾਊਂਟਰ ਸਥਾਪਿਤ ਕੀਤੇ ਗਏ, ਜਿੱਥੇ ਸਪਰਸ਼, ਪੈਨਸ਼ਨ, ਈ.ਸੀ.ਐਚ.ਐਸ., ਸੀ.ਐਸ.ਡੀ., ਪੁਨਰਵਾਸ ਅਤੇ ਹੋਰ ਭਲਾਈ ਸਕੀਮਾਂ ਸਬੰਧੀ ਮਾਮਲਿਆਂ ‘ਚ ਮੌਕੇ ‘ਤੇ ਹੀ ਮਦਦ ਪ੍ਰਦਾਨ ਕੀਤੀ ਗਈ।
ਇਸ ਤੋਂ ਇਲਾਵਾ ਮਾਹਰ ਡਾਕਟਰਾਂ ਵੱਲੋਂ ਓਪੀਡੀ ਸੇਵਾਵਾਂ ਰਾਹੀਂ ਵਿਆਪਕ ਡਾਕਟਰੀ ਸਹਾਇਤਾ ਦਿੱਤੀ ਗਈ। ਸਿਹਤ ਸੰਭਾਲ, ਸਰਕਾਰੀ ਭਲਾਈ ਸਕੀਮਾਂ ਅਤੇ ਸੇਵਾਮੁਕਤੀ ਤੋਂ ਬਾਅਦ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਗਰੂਕਤਾ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ।
ਰੈਲੀ ਵਿੱਚ ਲਗਭਗ 2,500 ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਨਿੱਜੀ ਤੌਰ ‘ਤੇ ਭਾਗ ਲਿਆ, ਜਦਕਿ ਪੱਛਮੀ ਕਮਾਂਡ ਦੇ ਅਧੀਨ ਵੱਖ-ਵੱਖ ਸਥਾਨਾਂ ਤੋਂ 4,000 ਤੋਂ ਵੱਧ ਸਾਬਕਾ ਸੈਨਿਕਾਂ ਨੇ ਵਰਚੁਅਲ ਤੌਰ ‘ਤੇ ਸ਼ਮੂਲੀਅਤ ਕੀਤੀ।
ਸਮਾਗਮ ਦੇ ਮੁੱਖ ਆਕਰਸ਼ਣਾਂ ਵਿੱਚ ਸਨਮਾਨ ਸਮਾਰੋਹ, ਫੌਜੀ ਪਰੰਪਰਾਵਾਂ ‘ਤੇ ਆਧਾਰਿਤ ਸੱਭਿਆਚਾਰਕ ਪ੍ਰੋਗਰਾਮ, ਮਲਟੀ-ਸਪੈਸ਼ਲਿਟੀ ਡਾਕਟਰੀ ਜਾਂਚ, ਭਲਾਈ ਸਟਾਲ ਅਤੇ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਸ਼ਾਮਲ ਸੀ, ਜਿਸ ਨਾਲ ਸਾਂਝ, ਮਾਣ ਅਤੇ ਸਨਮਾਨ ਦੀ ਭਾਵਨਾ ਹੋਰ ਮਜ਼ਬੂਤ ਹੋਈ।
ਇਸ ਯਾਦਗਾਰੀ ਲੜੀ ਨੂੰ ਅੱਗੇ ਵਧਾਉਂਦਿਆਂ, 18 ਜਨਵਰੀ 2026 ਨੂੰ ਚੰਡੀਮੰਦਰ ਮਿਲਟਰੀ ਸਟੇਸ਼ਨ ਵਿਖੇ ਟ੍ਰਾਈਸਿਟੀ ਦੇ ਸਾਬਕਾ ਅਧਿਕਾਰੀਆਂ ਲਈ ਇੱਕ ਵਿਸ਼ੇਸ਼ ਗੱਲਬਾਤ ਅਤੇ ਦੁਪਹਿਰ ਦੇ ਭੋਜਨ ਦਾ ਆਯੋਜਨ ਕੀਤਾ ਜਾਵੇਗਾ, ਜੋ ਭਾਰਤੀ ਫੌਜ ਅਤੇ ਇਸਦੇ ਸਾਬਕਾ ਸੈਨਿਕਾਂ ਦਰਮਿਆਨ ਅਟੁੱਟ ਸਾਂਝ ਅਤੇ ਸਤਿਕਾਰ ਦਾ ਪ੍ਰਤੀਕ ਹੋਵੇਗਾ।
Get all latest content delivered to your email a few times a month.