ਤਾਜਾ ਖਬਰਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਗੰਭੀਰ ਮਾਮਲੇ ਵਿੱਚ ਜਾਂਚ ਹੋਰ ਤੇਜ਼ ਹੋ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਪੁੱਜੀ, ਜਿੱਥੇ ਟੀਮ ਨੇ ਉਨ੍ਹਾਂ ਨਾਲ ਲੰਮੇ ਸਮੇਂ ਤੱਕ ਗੱਲਬਾਤ ਕੀਤੀ।
ਕਾਬਿਲੇਗੌਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਜਥੇਦਾਰ ਰਹਿੰਦੇ ਸਮੇਂ ਦੌਰਾਨ ਹੀ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੀ ਗੱਲ ਸਾਹਮਣੇ ਆਈ ਸੀ। SIT ਟੀਮ ਦੀ ਅਗਵਾਈ ਪੁਲਿਸ ਸੁਪਰਡੈਂਟ ਜਗਤਪ੍ਰੀਤ ਸਿੰਘ ਕਰ ਰਹੇ ਹਨ, ਜੋ ਇਸ ਪੂਰੇ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ।
ਪੁਲਿਸ ਵੱਲੋਂ ਹੁਣ ਤੱਕ ਇਸ ਕੇਸ ਵਿੱਚ ਦੋ ਵਿਅਕਤੀਆਂ — ਸਤਿੰਦਰ ਸਿੰਘ ਕੋਹਲੀ ਅਤੇ ਕੰਵਲਜੀਤ ਸਿੰਘ — ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ 16 ਹੋਰਾਂ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਹਰ ਪੱਖੋਂ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਪੱਧਰ ’ਤੇ ਹੋਈ ਲਾਪਰਵਾਹੀ ਜਾਂ ਸਾਜ਼ਿਸ਼ ਨੂੰ ਬੇਨਕਾਬ ਕੀਤਾ ਜਾਵੇਗਾ।
ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਜ਼ਿਲ੍ਹੇ ਦੇ ਬੰਗਾ ਇਲਾਕੇ ਤੋਂ ਜਾਂਚ ਦੌਰਾਨ 169 ਪਾਵਨ ਸਰੂਪ ਬਰਾਮਦ ਹੋਏ ਹਨ, ਜਦਕਿ ਬਾਕੀ 139 ਪਾਵਨ ਸਰੂਪਾਂ ਸਬੰਧੀ ਕੋਈ ਵੀ ਅਧਿਕਾਰਕ ਰਿਕਾਰਡ ਉਪਲਬਧ ਨਹੀਂ ਹੈ, ਜਿਸ ਕਾਰਨ ਉਹ ਅਣਅਧਿਕਾਰਤ ਮੰਨੇ ਜਾ ਰਹੇ ਹਨ।
CM ਮਾਨ ਨੇ ਕਿਹਾ ਕਿ 328 ਵਿੱਚੋਂ ਸਿਰਫ਼ 30 ਪਾਵਨ ਸਰੂਪਾਂ ਦਾ ਹੀ ਢੰਗ ਨਾਲ ਦਸਤਾਵੇਜ਼ੀ ਰਿਕਾਰਡ ਮਿਲਿਆ ਹੈ। ਉਨ੍ਹਾਂ ਸਾਫ਼ ਕੀਤਾ ਕਿ ਪਾਵਨ ਸਰੂਪਾਂ ਦੀ ਛਪਾਈ ਅਤੇ ਰਿਕਾਰਡ ਸੰਭਾਲਣ ਦੀ ਮੁੱਖ ਜ਼ਿੰਮੇਵਾਰੀ SGPC ਦੀ ਹੁੰਦੀ ਹੈ। ਸਰਕਾਰ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਵਚਨਬੱਧ ਹੈ ਅਤੇ ਜਿੱਥੇ ਵੀ ਦੋਸ਼ ਸਾਬਤ ਹੋਏ, ਉੱਥੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਜਾਂਚ ਦੇ ਦਾਇਰੇ ਨੂੰ ਹੋਰ ਵਧਾਇਆ ਜਾ ਸਕਦਾ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਵੀ ਸੰਭਵ ਹਨ।
Get all latest content delivered to your email a few times a month.