ਤਾਜਾ ਖਬਰਾਂ
ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੇ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਯੋਜਿਤ ਰਾਜਨੀਤਕ ਕਾਨਫਰੰਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ, ਨੌਜਵਾਨਾਂ ਅਤੇ ਸੂਬੇ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਕਈ ਅਹਿਮ ਅਤੇ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਸਰਕਾਰ ਬਣਨ ਦੇ ਪਹਿਲੇ 10 ਦਿਨਾਂ ਅੰਦਰ ਉਹਨਾਂ ਕਿਸਾਨਾਂ ਨੂੰ ਨਵੇਂ ਟਿਊਬਵੈੱਲ ਕਨੈਕਸ਼ਨ ਦਿੱਤੇ ਜਾਣਗੇ, ਜਿਨ੍ਹਾਂ ਕੋਲ ਅਜੇ ਤੱਕ ਇਹ ਸੁਵਿਧਾ ਨਹੀਂ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਖੇਤੀਬਾੜੀ ਨੂੰ ਮਜ਼ਬੂਤ ਕਰਨ ਲਈ ਟੇਲਾਂ ਤੱਕ ਪਾਣੀ ਪਹੁੰਚਾਉਣ ਵਾਸਤੇ ਪਾਈਪ ਸਿਸਟਮ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਰਾਜਸਥਾਨ ਫੀਡਰ ਨਹਿਰ ਨੂੰ ਬੰਦ ਕਰਕੇ ਪੰਜਾਬ ਦਾ ਪਾਣੀ ਪੰਜਾਬ ਵਿੱਚ ਹੀ ਵਰਤਿਆ ਜਾਵੇਗਾ। ਇਸਦੇ ਨਾਲ ਹੀ ਸਰਹੱਦੀ ਖੇਤਰਾਂ ਵਿੱਚ ਪੈਂਦੀਆਂ ਕੱਚੀਆਂ ਜ਼ਮੀਨਾਂ ਨੂੰ ਇੱਕ ਸਾਲ ਦੇ ਅੰਦਰ ਪੱਕਾ ਕੀਤਾ ਜਾਵੇਗਾ ਅਤੇ ਸੂਬੇ ਭਰ ਵਿੱਚ ਜ਼ਮੀਨਾਂ ਦੇ ਇੰਤਕਾਲ ਮੁਫ਼ਤ ਕੀਤੇ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿੱਚ ਜਿਨ੍ਹਾਂ ਪਰਿਵਾਰਾਂ ਕੋਲ ਲਾਲ ਡੋਰੇ ਹੇਠਾਂ ਆਉਂਦੀ ਜ਼ਮੀਨ ਹੈ, ਉਸਨੂੰ ਉਨ੍ਹਾਂ ਦੇ ਨਾਂ ਕੀਤਾ ਜਾਵੇਗਾ। ਅਬੋਹਰ ਖੇਤਰ ਵਿੱਚ ਆਉਂਦੀ ਸੇਮ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਕਦੇ ਵੀ ਸੇਮ ਦੀ ਸਮੱਸਿਆ ਨਹੀਂ ਆਈ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਅਤੇ ਨੌਜਵਾਨਾਂ ਨੂੰ ਰਾਹਤ ਦੇਣ ਲਈ ਮੋਟਰਸਾਈਕਲਾਂ ’ਤੇ ਵੀ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ, ਜਿਵੇਂ ਪਹਿਲਾਂ ਟਰੈਕਟਰ ਟੈਕਸ ਮੁਆਫ਼ ਕੀਤਾ ਗਿਆ ਸੀ।
ਕਾਨੂੰਨ-ਵਿਵਸਥਾ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਵੀ ਗੈਂਗਸਟਰ ਨਹੀਂ ਛੱਡਿਆ ਜਾਵੇਗਾ। ਜੋ ਵੀ ਗੈਂਗਸਟਰ ਜਾਂ ਨਸ਼ਾ ਤਸਕਰ ਧਮਕੀਆਂ ਦੇਵੇਗਾ ਜਾਂ ਗੈਰਕਾਨੂੰਨੀ ਧੰਧੇ ਕਰੇਗਾ, ਉਸਦੀ ਜ਼ਮੀਨ ਅਤੇ ਜਾਇਦਾਦ ਸਰਕਾਰ ਵੱਲੋਂ ਜ਼ਬਤ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਕਾਨੂੰਨ ਵਿੱਚ ਸੋਧ ਕਰਕੇ ਨਸ਼ਾ ਤਸਕਰਾਂ ਨੂੰ ਪੰਜ ਸਾਲ ਤੱਕ ਜ਼ਮਾਨਤ ਨਾ ਮਿਲਣ ਵਾਲੀ ਵਿਵਸਥਾ ਕੀਤੀ ਜਾਵੇਗੀ।
ਨੌਜਵਾਨਾਂ ਲਈ ਵੱਡੇ ਵਾਅਦੇ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਨੌਕਰੀਆਂ ’ਚ ਸੂਬੇ ਦੇ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ ਅਤੇ ਉਨ੍ਹਾਂ ਵਿੱਚੋਂ 50 ਫੀਸਦੀ ਸੀਟਾਂ ਸਰਕਾਰ ਆਪਣੇ ਕੋਲ ਰੱਖੇਗੀ, ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਮਿਲ ਸਕੇ।
ਇਸ ਤੋਂ ਇਲਾਵਾ, 50 ਹਜ਼ਾਰ ਵਿਦਿਆਰਥੀਆਂ ਦੀ ਸਮਰੱਥਾ ਵਾਲੀ ਇੱਕ ਵੱਡੀ ਸਕਿੱਲ ਯੂਨੀਵਰਸਿਟੀ ਬਣਾਉਣ ਦਾ ਵੀ ਐਲਾਨ ਕੀਤਾ ਗਿਆ। ਵੱਡੀਆਂ ਕੰਪਨੀਆਂ ਨੂੰ ਟ੍ਰੇਨਿੰਗ ਡਿਪਾਰਟਮੈਂਟ ਦਿੱਤੇ ਜਾਣਗੇ, ਤਾਂ ਜੋ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਨਾ ਪਵੇ ਅਤੇ ਉਹ ਪੰਜਾਬ ਵਿੱਚ ਹੀ ਰੋਜ਼ਗਾਰ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਦੱਸਿਆ ਕਿ 10 ਲੱਖ ਰੁਪਏ ਤੱਕ ਦਾ ਲੋਨ ਬਿਨਾਂ ਵਿਆਜ ਦਿੱਤਾ ਜਾਵੇਗਾ, ਜਿਸਦੀ ਵਾਪਸੀ ਤਿੰਨ ਸਾਲ ਬਾਅਦ ਸ਼ੁਰੂ ਹੋਵੇਗੀ ਅਤੇ ਸੱਤ ਸਾਲਾਂ ਵਿੱਚ ਅਦਾ ਕਰਨੀ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਵੀ ਗਰੀਬ ਬੱਚੇ ਦੀ ਪੜ੍ਹਾਈ ਪੈਸਿਆਂ ਦੀ ਕਮੀ ਕਾਰਨ ਨਹੀਂ ਰੁਕੇਗੀ।
ਆਮ ਆਦਮੀ ਪਾਰਟੀ ’ਤੇ ਤੰਜ ਕੱਸਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਨੇਤਾ ਪੰਜਾਬ ਵਿੱਚ ਬੈਠ ਕੇ ਸਰਕਾਰ ਚਲਾ ਰਹੇ ਹਨ ਅਤੇ ਮੁੱਖ ਮੰਤਰੀ ਨੂੰ ਵੀ ਕੋਈ ਨਹੀਂ ਪੁੱਛਦਾ। ਉਨ੍ਹਾਂ ਲੈਂਡ ਪੂਲਿੰਗ ਸਕੀਮ ਨੂੰ ਦਿੱਲੀ ਦੇ ਬਿਲਡਰਾਂ ਦੇ ਹੱਕ ਵਿੱਚ ਦੱਸਿਆ ਅਤੇ ਕਿਹਾ ਕਿ ਅਕਾਲੀ ਦਲ ਦੇ ਵਿਰੋਧ ਕਾਰਨ ਹੀ ਸਰਕਾਰ ਨੂੰ ਪਿੱਛੇ ਹਟਣਾ ਪਿਆ।
ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਲੋਕਾਂ ਨੂੰ ਬੁਨਿਆਦੀ ਸੇਵਾਵਾਂ ਦੇਣ ਵਿੱਚ ਫੇਲ੍ਹ ਰਹੀ ਹੈ ਅਤੇ ਇਸ਼ਤਿਹਾਰਬਾਜ਼ੀ ’ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨੌਕਰੀਆਂ ਅਤੇ ਬੀਬੀਆਂ ਨੂੰ 1000 ਰੁਪਏ ਮਹੀਨਾ ਦੇਣ ਵਰਗੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ ਅਤੇ ਸਿੱਖਿਆ, ਸਿਹਤ ਤੇ ਵਿਕਾਸ ਦੇ ਨਾਂ ’ਤੇ ਸੂਬੇ ਨਾਲ ਧੋਖਾ ਕੀਤਾ ਗਿਆ ਹੈ।
Get all latest content delivered to your email a few times a month.