ਤਾਜਾ ਖਬਰਾਂ
ਦੁਨੀਆ ਦੀਆਂ ਬਿਹਤਰੀਨ ਮੁੱਕੇਬਾਜ਼ਾਂ ਵਿੱਚ ਸ਼ੁਮਾਰ ਅਤੇ ਕਈ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕਾਮ ਇਨ੍ਹੀਂ ਦਿਨੀਂ ਮੈਡਲਾਂ ਕਾਰਨ ਨਹੀਂ, ਸਗੋਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਆਏ ਭੂਚਾਲ ਕਾਰਨ ਸੁਰਖੀਆਂ ਵਿੱਚ ਹੈ। 20 ਸਾਲਾਂ ਦੇ ਲੰਬੇ ਵਿਆਹੁਤਾ ਜੀਵਨ ਤੋਂ ਬਾਅਦ ਮੈਰੀ ਕਾਮ ਆਪਣੇ ਪਤੀ ਕਰੰਗ ਓਨਖੋਲਰ ਤੋਂ ਵੱਖ ਹੋ ਗਈ ਹੈ। ਇਸ ਵਿਛੋੜੇ ਦੇ ਨਾਲ ਹੀ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ 'ਤੇ ਲਗਾਏ ਜਾ ਰਹੇ ਇਲਜ਼ਾਮਾਂ ਨੇ ਸੋਸ਼ਲ ਮੀਡੀਆ ਅਤੇ ਖੇਡ ਜਗਤ ਵਿੱਚ ਹੜਕੰਪ ਮਚਾ ਦਿੱਤਾ ਹੈ।
"ਕਰੋੜਾਂ ਦੀ ਧੋਖਾਧੜੀ ਤੇ ਜਾਇਦਾਦ ਹੜੱਪਣ ਦੇ ਦੋਸ਼" ਮੈਰੀ ਕਾਮ ਨੇ ਆਪਣੇ ਸਾਬਕਾ ਪਤੀ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਓਨਖੋਲਰ ਨੇ ਉਨ੍ਹਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਮਿਹਨਤ ਦੀ ਕਮਾਈ ਨਾਲ ਖਰੀਦੀ ਗਈ ਜ਼ਮੀਨ ਅਤੇ ਹੋਰ ਜਾਇਦਾਦਾਂ ਓਨਖੋਲਰ ਨੇ ਆਪਣੇ ਨਾਂ ਕਰਵਾ ਲਈਆਂ ਹਨ। ਮੈਰੀ ਅਨੁਸਾਰ, ਉਨ੍ਹਾਂ ਦੇ ਨਾਂ 'ਤੇ ਕਰਜ਼ੇ ਲਏ ਗਏ ਅਤੇ ਜਾਇਦਾਦਾਂ ਨੂੰ ਗਿਰਵੀ ਰੱਖਿਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪਿਆ ਹੈ।
"ਮੈਰੀ ਦੇ ਗੈਰ-ਮਰਦਾਂ ਨਾਲ ਰਹੇ ਹਨ ਸਬੰਧ" ਦੂਜੇ ਪਾਸੇ, ਓਨਖੋਲਰ ਨੇ ਮੈਰੀ ਕਾਮ ਦੇ ਸਾਰੇ ਦਾਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਉਲਟਾ ਉਨ੍ਹਾਂ ਦੇ ਕਿਰਦਾਰ 'ਤੇ ਸਵਾਲ ਚੁੱਕੇ ਹਨ। ਓਨਖੋਲਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਪਿਛਲੇ 10 ਸਾਲਾਂ ਤੋਂ ਤਣਾਅ ਚੱਲ ਰਿਹਾ ਸੀ। ਉਨ੍ਹਾਂ ਦਾਅਵਾ ਕੀਤਾ ਕਿ 2013 ਵਿੱਚ ਮੈਰੀ ਦਾ ਇੱਕ ਜੂਨੀਅਰ ਬਾਕਸਰ ਨਾਲ ਰਿਸ਼ਤਾ ਸੀ ਅਤੇ 2017 ਤੋਂ ਉਹ ਆਪਣੀ ਬਾਕਸਿੰਗ ਅਕੈਡਮੀ ਦੇ ਇੱਕ ਮੁਲਾਜ਼ਮ ਦੇ ਸੰਪਰਕ ਵਿੱਚ ਹੈ। ਓਨਖੋਲਰ ਮੁਤਾਬਕ ਉਨ੍ਹਾਂ ਕੋਲ ਇਸ ਦੇ ਪੁਖ਼ਤਾ ਸਬੂਤ ਅਤੇ ਵਟਸਐਪ ਮੈਸੇਜ ਮੌਜੂਦ ਹਨ।
"ਸਬੂਤ ਪੇਸ਼ ਕਰੇ ਮੈਰੀ, ਮੈਂ ਜਾਂਚ ਲਈ ਤਿਆਰ" ਓਨਖੋਲਰ ਨੇ ਮੈਰੀ ਕਾਮ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਉਹ ਦੂਜਾ ਵਿਆਹ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਜਨਤਕ ਤੌਰ 'ਤੇ ਝੂਠੇ ਇਲਜ਼ਾਮ ਨਾ ਲਗਾਏ ਜਾਣ। 5 ਕਰੋੜ ਰੁਪਏ ਚੋਰੀ ਕਰਨ ਦੇ ਦੋਸ਼ਾਂ 'ਤੇ ਉਨ੍ਹਾਂ ਕਿਹਾ, "ਜੇਕਰ ਮੈਂ ਪੈਸੇ ਚੋਰੀ ਕੀਤੇ ਹਨ ਤਾਂ ਮੇਰੇ ਬੈਂਕ ਖਾਤੇ ਚੈੱਕ ਕੀਤੇ ਜਾਣ। ਮੈਨੂੰ ਪਤਾ ਹੈ ਕਿ ਉਹ ਕਿੱਥੇ ਅਤੇ ਕਿਸ ਨਾਲ ਰਹਿ ਰਹੀ ਹੈ, ਪਰ ਮੈਂ ਹੁਣ ਤੱਕ ਚੁੱਪ ਸੀ।"
ਇਸ ਹਾਈ-ਪ੍ਰੋਫਾਈਲ ਵਿਵਾਦ ਨੇ ਖੇਡ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਹੁਣ ਹਰ ਕਿਸੇ ਦੀ ਨਜ਼ਰ ਇਸ ਮਾਮਲੇ ਦੇ ਕਾਨੂੰਨੀ ਮੋੜ 'ਤੇ ਟਿੱਕੀ ਹੋਈ ਹੈ।
Get all latest content delivered to your email a few times a month.