ਤਾਜਾ ਖਬਰਾਂ
ਰਾਏਕੋਟ ਵਿੱਚ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਗੁਰਮਤਿ ਅਤੇ ਸੇਵਾ ਭਾਵਨਾ ਨੂੰ ਸਮਰਪਿਤ ਇੱਕ ਮਹੱਤਵਪੂਰਨ ਉਪਰਾਲਾ ਕੀਤਾ ਗਿਆ। ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਤ ਇਤਿਹਾਸਕ ਗੁਰਦੁਆਰਾ ਸਾਹਿਬ ਗੁਰੂਸਰ ਸੁਧਾਰ ਵਿਖੇ ਮਾਘ ਦੇ ਪਵਿੱਤਰ ਮਹੀਨੇ ਨੂੰ ਧਿਆਨ ਵਿੱਚ ਰੱਖਦਿਆਂ ਇਲਾਕੇ ਦੇ ਗ੍ਰੰਥੀ ਸਿੰਘਾਂ ਲਈ ਵਿਸ਼ੇਸ਼ ਸਹਾਇਤਾ ਭੇਂਟ ਕੀਤੀ ਗਈ। ਇਸ ਦੌਰਾਨ ਗ੍ਰੰਥੀ ਸਿੰਘਾਂ ਨੂੰ ਸਰਦੀ ਤੋਂ ਰਾਹਤ ਲਈ ਕੰਬਲ, ਰੋਜ਼ਾਨਾ ਲੋੜੀਂਦਾ ਰਾਸ਼ਨ ਅਤੇ ਮਾਲੀ ਸਹਾਇਤਾ ਮੁਹੱਈਆ ਕਰਵਾਈ ਗਈ।
ਇਸ ਸੇਵਾ ਕਾਰਜ ਦਾ ਮਕਸਦ ਪੰਜਾਬ ਦੀ ਕੜਾਕੇ ਦੀ ਠੰਢ ਵਿੱਚ ਗੁਰੂ ਘਰਾਂ ਦੀ ਨਿਰੰਤਰ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਿੰਘਾਂ ਦੀ ਭਲਾਈ ਅਤੇ ਸਨਮਾਨ ਕਰਨਾ ਸੀ। ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਇੰਚਾਰਜ ਚੰਦ ਸਿੰਘ ਡੱਲ੍ਹਾ, ਐਸਜੀਪੀਸੀ ਮੈਂਬਰ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਅਤੇ ਹਲਕਾ ਰਾਏਕੋਟ ਇੰਚਾਰਜ ਬਲਵਿੰਦਰ ਸਿੰਘ ਸੰਧੂ ਸਮੇਤ ਕਈ ਪੰਥਕ ਅਤੇ ਸਿਆਸੀ ਸ਼ਖਸੀਅਤਾਂ ਨੇ ਹਾਜ਼ਰੀ ਭਰੀ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਭਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਗ੍ਰੰਥੀ ਸਿੰਘ ਸਿੱਖ ਧਰਮ ਦੇ ਅਸਲੀ ਪ੍ਰਚਾਰਕ ਹਨ, ਜੋ ਗੁਰੂ ਸਾਹਿਬਾਨ ਦੀ ਬਾਣੀ ਅਤੇ ਮਰਿਆਦਾ ਨੂੰ ਸੰਗਤ ਤੱਕ ਪਹੁੰਚਾਉਂਦੇ ਹਨ। ਉਨ੍ਹਾਂ ਦੱਸਿਆ ਕਿ ਮਾਘ ਦੇ ਪਵਿੱਤਰ ਮਹੀਨੇ ਵਿੱਚ ਇਹ ਸੇਵਾ ਸੰਗਤ ਵੱਲੋਂ ਗ੍ਰੰਥੀ ਸਿੰਘਾਂ ਦੀ ਨਿਸ਼ਕਾਮ ਸੇਵਾ ਪ੍ਰਤੀ ਆਦਰ ਅਤੇ ਸ਼ੁਕਰਾਨਾ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਅਜਿਹੇ ਮਨੁੱਖਤਾ ਭਰੇ ਸੇਵਾ ਕਾਰਜ ਜਾਰੀ ਰਹਿਣਗੇ।
ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਚੰਦ ਸਿੰਘ ਡੱਲ੍ਹਾ, ਬਲਵਿੰਦਰ ਸਿੰਘ ਸੰਧੂ ਅਤੇ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਯੂਥ ਅਕਾਲੀ ਦਲ ਵੱਲੋਂ ਕੀਤਾ ਗਿਆ ਇਹ ਕਦਮ ਸਮਾਜ ਅਤੇ ਪੰਥ ਲਈ ਪ੍ਰੇਰਣਾਦਾਇਕ ਹੈ, ਜੋ ਗੁਰੂ ਘਰ ਨਾਲ ਜੁੜੇ ਸੇਵਾਦਾਰਾਂ ਦੀ ਸੰਭਾਲ ਵੱਲ ਇੱਕ ਸਾਰਥਕ ਕਦਮ ਹੈ।
Get all latest content delivered to your email a few times a month.