IMG-LOGO
ਹੋਮ ਪੰਜਾਬ: ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਪੰਜਾਬੀ ਭਾਸ਼ਾ ਓਲੰਪੀਆਡ ਦੇ ਜੇਤੂਆਂ ਦਾ...

ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਪੰਜਾਬੀ ਭਾਸ਼ਾ ਓਲੰਪੀਆਡ ਦੇ ਜੇਤੂਆਂ ਦਾ ਐਲਾਨ

Admin User - Jan 13, 2026 06:42 PM
IMG

ਚੰਡੀਗੜ੍ਹ, 13 ਜਨਵਰੀ:

ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਵੱਲੋਂ ਤੀਜੇ ਕੌਮਾਂਤਰੀ ਪੰਜਾਬੀ ਭਾਸ਼ਾ ਓਲੰਪੀਆਡ-2025 ਨੂੰ ਸਫਲਤਾਪੂਰਵਕ ਕਰਵਾਉਣ ਬਾਅਦ ਅੱਜ ਇਸ ਤੇ ਨਤੀਜੇ ਐਲਾਨੇ ਗਏ ਹਨ।

ਤੀਜੀ ਤੋਂ 5ਵੀਂ ਜਮਾਤ ਲਈ ਕਰਵਾਏ ਕੌਮਾਂਤਰੀ ਵਰਗ ਵਿੱਚ ਨਿਆਮਤ ਕੌਰ ਬਰਾੜ ਨੇ ਪਹਿਲਾ, ਅਹਿਲ ਸਿੰਘ ਨੇ ਦੂਜਾ ਤੇ ਹਰਸੀਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ, ਇਹ ਸਾਰੇ ਵਿਦਿਆਰਥੀ ਓਸਲੋ (ਨਾਰਵੇ) ਦੇ ਰਹਿਣ ਵਾਲੇ ਹਨ। 6ਵੀਂ-8ਵੀਂ ਜਮਾਤ ਲਈ ਕਰਵਾਏ ਕੌਮਾਂਤਰੀ ਵਰਗ ਵਿੱਚ ਸਿਮਰਤ ਕੌਰ ਨੇ ਪਹਿਲਾ, ਅੰਮ੍ਰਿਤ ਕੌਰ ਵਿਰਦੀ ਨੇ ਦੂਜਾ ਅਤੇ ਨਵਜੋਤ ਸਿੰਘ ਮਠਾੜੂ ਨੇ ਤੀਜਾ ਸਥਾਨ ਹਾਸਲ ਕੀਤਾ। ਇਹ ਸਾਰੇ ਜੇਤੂ ਨੈਰੋਬੀ (ਕੀਨੀਆ) ਤੋਂ ਹਨ। 9ਵੀਂ-12ਵੀਂ ਜਮਾਤ ਦੇ ਕੌਮਾਂਤਰੀ ਵਰਗ ਵਿੱਚ ਓਸਲੋ ਦੇ ਪਰਮੀਤ ਸਿੰਘ ਗੁਰਮ ਨੇ ਪਹਿਲਾ ਸਥਾਨ ਹਾਸਲ ਕੀਤਾ।

ਪੰਜਾਬ ਕੈਟਾਗਰੀ ਵਿੱਚ, ਤੀਜੀ-5ਵੀਂ ਜਮਾਤ ਵਰਗ ਲਈ ਅੰਮ੍ਰਿਤਸਰ ਦੀ ਰੀਨਤ ਮਾਹਲ ਨੇ ਪਹਿਲਾ, ਮੋਗਾ ਦੀ ਅਵਨੀਤ ਕੌਰ ਨੇ ਦੂਜਾ ਅਤੇ ਫ਼ਰੀਦਕੋਟ ਦੀ ਸੰਗਮਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 6ਵੀਂ-8ਵੀਂ ਜਮਾਤ ਵਰਗ ਲਈ ਪਟਿਆਲਾ ਦੀ ਕਾਰਜਨੀਤ ਕੌਰ ਨੇ ਪਹਿਲਾ, ਫਰੀਦਕੋਟ ਦੀ ਜੈਸਮੀਨ ਰੂਪਰਾ ਅਤੇ ਰੂਪਨਗਰ ਦੀ ਅਨੀਸ਼ਾ ਕੁਮਾਰੀ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। 9ਵੀਂ-12ਵੀਂ ਜਮਾਤ ਵਰਗ ਵਿੱਚ ਮੋਗਾ ਦੇ ਇੰਦਰਜੀਤ ਸਿੰਘ ਨੇ ਪਹਿਲਾ, ਫਤਿਹਗੜ੍ਹ ਸਾਹਿਬ ਦੀ ਸਿਮਰਨਜੋਤ ਕੌਰ ਨੇ ਦੂਜਾ ਅਤੇ ਗੁਰਦਾਸਪੁਰ ਦੀ ਨਵਰੂਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

ਹੋਰਨਾਂ ਸੂਬਿਆਂ ਦੀ ਸ਼੍ਰੇਣੀ ਵਿੱਚ ਦਿੱਲੀ ਦੀ ਪ੍ਰਨੀਤ ਕੌਰ ਆਹੂਜਾ ਨੇ ਤੀਜੀ-5ਵੀਂ ਜਮਾਤ ਵਰਗ ਵਿੱਚ ਪਹਿਲਾ, ਰਾਜਸਥਾਨ ਦੀ ਖੁਸ਼ਨੂਰ ਕੌਰ ਨੇ ਦੂਜਾ ਅਤੇ ਉੱਤਰ ਪ੍ਰਦੇਸ਼ ਦੀ ਜਸਮੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 6ਵੀਂ-8ਵੀਂ ਜਮਾਤ ਵਰਗ ਵਿੱਚ ਹਰਿਆਣਾ ਦੀ ਦਕਸ਼ਾ ਨੇ ਪਹਿਲਾ, ਜਦਕਿ ਚੰਡੀਗੜ੍ਹ ਦੇ ਗੁਰਨੂਰ ਸਿੰਘ ਅਤੇ ਨਵਨੀਤ ਉਨਿਆਲ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। 9ਵੀਂ-12ਵੀਂ ਜਮਾਤ ਵਰਗ ਵਿੱਚ ਚੰਡੀਗੜ੍ਹ ਦੇ ਮਨਤੇਜ ਸਿੰਘ ਵਿਰਕ ਨੇ ਪਹਿਲਾ, ਹਰਿਆਣਾ ਦੇ ਵੰਸ਼ਦੀਪ ਸਿੰਘ ਨੇ ਦੂਜਾ ਅਤੇ ਚੰਡੀਗੜ੍ਹ ਦੇ ਏਕਾਂਸ਼ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

ਓਲੰਪੀਆਡ ਦੇ ਜੇਤੂਆਂ ਅਤੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ 2.25 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਵੱਡੀ ਸ਼ਮੂਲੀਅਤ ਨੂੰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਦੇ ਯਤਨਾਂ ਦਾ ਨਤੀਜਾ ਦੱਸਿਆ। ਉਨ੍ਹਾਂ ਅੱਗੇ ਦੱਸਿਆ ਕਿ ਇਹ ਭਰਵਾਂ ਹੁੰਗਾਰਾ ਸਾਡੀ ਮਾਂ-ਬੋਲੀ ਦੀਆਂ ਪ੍ਰਚਾਰ ਸਬੰਧੀ ਨੀਤੀਆਂ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਓਲੰਪੀਆਡ ਸਿਰਫ਼ ਇੱਕ ਮੁਕਾਬਲਾ ਨਹੀਂ, ਸਗੋਂ ਵਿਦਿਆਰਥੀਆਂ ਦਰਮਿਆਨ ਪਛਾਣ, ਮਾਣ, ਭਾਸ਼ਾਈ ਵਿਸ਼ਵਾਸ ਪੈਦਾ ਕਰਨ ਦੇ ਨਾਲ-ਨਾਲ ਆਪਣੀ ਮਾਂ ਬੋਲੀ ਨਾਲ ਜੁੜੀ ਸੱਭਿਆਚਾਰਕ ਪਛਾਣ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਸ਼ਕਤੀਸ਼ਾਲੀ ਲਹਿਰ ਸੀ। ਉਨ੍ਹਾਂ ਅੱਗੇ ਦੱਸਿਆ ਕਿ ਅਜਿਹੇ ਉਪਰਾਲੇ ਨੌਜਵਾਨਾਂ ਵਿੱਚ ਸੱਭਿਆਚਾਰਕ ਮਾਣ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਕੈਬਨਿਟ ਮੰਤਰੀ ਬੈਂਸ ਦੀ ਅਗਵਾਈ ਹੇਠ ਕਰਵਾਏ ਇਸ ਓਲੰਪੀਆਡ ਵਿੱਚ 18 ਅਗਸਤ ਤੋਂ 31 ਅਕਤੂਬਰ, 2025 ਤੱਕ ਵੱਡੇ ਪੱਧਰ 'ਤੇ ਆਨਲਾਈਨ ਰਜਿਸਟ੍ਰੇਸ਼ਨ ਹੋਈ। ਇਸ ਵਿੱਚ ਤੀਜੀ ਤੋਂ 12ਵੀਂ ਜਮਾਤ ਤੱਕ ਦੇ ਸਰਕਾਰੀ, ਸਹਾਇਤਾ ਪ੍ਰਾਪਤ, ਪ੍ਰਾਈਵੇਟ ਅਤੇ ਸੀ.ਬੀ.ਐਸ.ਈ. ਸਕੂਲਾਂ ਦੇ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ। ਇਸ ਸਮਾਗਮ ਨੇ ਹੋਰਨਾਂ ਭਾਰਤੀ ਸੂਬਿਆਂ ਦੇ ਵਿਦਿਆਰਥੀਆਂ ਅਤੇ ਵਿਦੇਸ਼ਾਂ ਵਿੱਚ ਪ੍ਰਵਾਸੀ ਭਾਰਤੀ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਹੋਰ ਉਤਸ਼ਾਹਿਤ ਕੀਤਾ, ਜਿਸ ਨਾਲ ਆਲਮੀ ਪੱਧਰ ‘ਤੇ ਪੰਜਾਬੀ ਭਾਸ਼ਾ ਨੂੰ ਹੋਰ ਮਜ਼ਬੂਤ ਕੀਤਾ ਗਿਆ।

ਇਸ ਦੌਰਾਨ ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਤਿੰਨ ਆਨਲਾਈਨ ਪੜਾਵਾਂ ਵਿੱਚ ਚਿਹਰੇ ਦੀ ਪਹਿਚਾਣ ਕਰਨ ਤਕਨਾਲੋਜੀ ਦੀ ਵਰਤੋਂ ਕਰਦਿਆਂ ਓਲੰਪੀਆਡ ਦੀ ਪਾਰਦਰਸ਼ੀ ਪ੍ਰਕਿਰਿਆ ਬਾਰੇ ਦੱਸਿਆ। 2,25,276 ਰਜਿਸਟ੍ਰੇਸ਼ਨਾਂ ਵਿੱਚੋਂ 20,327 ਵਿਦਿਆਰਥੀ ਦੂਜੇ ਪੜਾਅ ਵਿੱਚ, 4,009 ਅੰਤਿਮ ਪੜਾਅ ਵਿੱਚ ਅਤੇ 3,748 ਵਿਦਿਆਰਥੀ 23 ਦਸੰਬਰ, 2025 ਨੂੰ ਅੰਤਿਮ ਲਿਖਤੀ ਪ੍ਰੀਖਿਆ ਲਈ ਹਾਜ਼ਰ ਹੋਏ।

ਡਾ. ਅਮਰਪਾਲ ਸਿੰਘ ਨੇ ਅੱਗੇ ਦੱਸਿਆ ਕਿ ਪਹਿਲਾ ਇਨਾਮ 11,000 ਰੁਪਏ, ਦੂਜਾ ਇਨਾਮ 7,100 ਰੁਪਏ ਅਤੇ ਅਗਲੇ ਅੱਠ ਰੈਂਕ ਪ੍ਰਾਪਤ ਕਰਨ ਵਾਲਿਆਂ ਨੂੰ 5,100 ਰੁਪਏ ਦਿੱਤੇ ਜਾਣਗੇ, ਜਿਸ ਦੀ ਕੁੱਲ ਇਨਾਮੀ ਰਾਸ਼ੀ 3,30,000 ਰੁਪਏ ਬਣਦੀ ਹੈ। ਸਭ ਤੋਂ ਵੱਧ ਰਜਿਸਟ੍ਰੇਸ਼ਨ ਅਤੇ ਸ਼ਮੂਲੀਅਤ ਕਰਨ ਵਾਲੇ ਸਕੂਲਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਨਵੀਂ ਪੀੜ੍ਹੀ ਨੂੰ ਆਪਣੇ ਭਾਸ਼ਾ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਦੇ ਸੁਪਨੇ ਅਨੁਸਾਰ ਭਵਿੱਖ ਵਿੱਚ ਹੋਰ ਵੀ ਵੱਡੇ ਪੱਧਰ 'ਤੇ ਅਜਿਹੀਆਂ ਲੋਕ ਭਲਾਈ ਅਤੇ ਵਿਦਿਆਰਥੀ ਕੇਂਦਰਿਤ ਗਤੀਵਿਧੀਆਂ ਨੂੰ ਜਾਰੀ ਰੱਖਿਆ ਜਾਵੇਗਾ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.