ਤਾਜਾ ਖਬਰਾਂ
ਪੰਜਾਬ ਰਾਜ ਭਾਸ਼ਾ ਐਕਟ 1967 ਅਤੇ ਰਾਜ ਭਾਸ਼ਾ (ਸੰਸ਼ੋਧਨ) ਐਕਟ 2008 ਅਧੀਨ ਪੰਜਾਬ ਸਰਕਾਰ ਦੇ ਸਕੱਤਰੇਤ ਸਮੇਤ ਰਾਜ ਦੇ ਸਮੂਹ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਨਿਗਮਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਦਫ਼ਤਰੀ ਕੰਮ ਪੰਜਾਬੀ ਭਾਸ਼ਾ ਵਿੱਚ ਕਰਨ ਦੇ ਉਪਬੰਧ ਹਨ। ਇਨ੍ਹਾਂ ਕਾਨੂੰਨੀ ਪ੍ਰਬੰਧਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਸਪਸ਼ਟ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਦਫ਼ਤਰੀ ਕਾਰਜ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਵਿੱਚ ਹੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਫ਼ਤਰਾਂ ਵਿੱਚ ਪੱਤਰਚਾਰ, ਨੋਟਿੰਗ, ਫਾਈਲਾਂ ਅਤੇ ਹੋਰ ਸਰਕਾਰੀ ਦਸਤਾਵੇਜ਼ ਪੰਜਾਬੀ ਵਿੱਚ ਤਿਆਰ ਕਰਨਾ ਲਾਜ਼ਮੀ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਸਖ਼ਤੀ ਨਾਲ ਆਖਿਆ ਕਿ ਸਾਰੇ ਵਿਭਾਗਾਂ ਦੀਆਂ ਵੈੱਬਸਾਈਟਾਂ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਵਿੱਚ ਵੀ ਉਪਲਬਧ ਹੋਣ, ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਜਾਣਕਾਰੀ ਆਪਣੀ ਮਾਂ ਬੋਲੀ ਵਿੱਚ ਆਸਾਨੀ ਨਾਲ ਮਿਲ ਸਕੇ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਦੀ ਇੰਚਾਰਜ ਜਸਪ੍ਰੀਤ ਕੌਰ ਅਤੇ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਇਹ ਇੱਕ ਬਹੁਤ ਹੀ ਅਮੀਰ ਅਤੇ ਵਿਰਾਸਤੀ ਭਾਸ਼ਾ ਹੈ, ਜਿਸਨੂੰ ਗੁਰੂਆਂ, ਪੀਰਾਂ, ਸ਼ਾਇਰਾਂ ਅਤੇ ਮਹਾਨ ਅਦੀਬਾਂ ਦੀ ਕਲਮ ਦੀ ਛੋਹ ਪ੍ਰਾਪਤ ਹੈ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀ ਸੋਚ ਅਜਿਹੀ ਬਣਾਉਣੀ ਚਾਹੀਦੀ ਹੈ ਕਿ ਅਸੀਂ ਪੰਜਾਬੀ ਬੋਲਣ, ਪੜ੍ਹਨ ਅਤੇ ਲਿਖਣ ‘ਤੇ ਮਾਣ ਮਹਿਸੂਸ ਕਰੀਏ ਅਤੇ ਆਪਣੀ ਰਾਜ ਭਾਸ਼ਾ ਨੂੰ ਦਿਨੋਂ-ਦਿਨ ਹੋਰ ਮਜ਼ਬੂਤ ਬਣਾਈਏ।
Get all latest content delivered to your email a few times a month.