ਤਾਜਾ ਖਬਰਾਂ
ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਵਿੱਚ ਵਾਹਨ ਚੋਰੀ ਨਾਲ ਜੁੜੇ ਇੱਕ ਸੰਗਠਿਤ ਗਿਰੋਹ ਖ਼ਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਦੀ ਟੀਮ ਨੇ ਭਾਰਤੀ ਮੂਲ ਦੇ ਤਿੰਨ ਕੈਨੇਡੀਅਨ ਪੰਜਾਬੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਚੋਰੀ ਕੀਤੇ ਵਾਹਨ ਵੀ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਖੱਟੜਾ, ਗੁਰਤਾਸ ਭੁੱਲਰ ਅਤੇ ਮਨਦੀਪ ਕੌਰ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਇਸ ਮਾਮਲੇ ਦੀ ਜਾਂਚ ਦਸੰਬਰ 2025 ਵਿੱਚ ਸ਼ੁਰੂ ਹੋਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਗਿਰੋਹ ਨਾ ਸਿਰਫ਼ ਕਾਰਾਂ ਦੀ ਚੋਰੀ ਕਰਦਾ ਸੀ, ਸਗੋਂ ਟਰੈਕਟਰ-ਟ੍ਰੇਲਰ ਚੋਰੀਆਂ ਅਤੇ ਵਾਹਨ ਧੋਖਾਧੜੀ ਵਰਗੀਆਂ ਗਤੀਵਿਧੀਆਂ ਵਿੱਚ ਵੀ ਸ਼ਾਮਲ ਸੀ। ਗਿਰੋਹ ਵੱਲੋਂ ਚੋਰੀ ਕੀਤੇ ਵਾਹਨਾਂ ‘ਤੇ ਜਾਅਲੀ ਓਨਟਾਰੀਓ ਲਾਇਸੈਂਸ ਪਲੇਟਾਂ ਲਗਾ ਕੇ ਉਨ੍ਹਾਂ ਨੂੰ ਵਰਤਿਆ ਜਾਂਦਾ ਜਾਂ ਅੱਗੇ ਵੇਚਣ ਦੀ ਤਿਆਰੀ ਕੀਤੀ ਜਾਂਦੀ ਸੀ।
ਪੁਲਿਸ ਨੇ 8 ਜਨਵਰੀ 2026 ਨੂੰ ਸਰਚ ਵਾਰੰਟ ਦੇ ਆਧਾਰ ‘ਤੇ ਬਰੈਂਪਟਨ ਦੇ ਇੱਕ ਰਿਹਾਇਸ਼ੀ ਘਰ ‘ਚ ਛਾਪਾ ਮਾਰਿਆ। ਇਸ ਦੌਰਾਨ ਤਿੰਨ ਚੋਰੀਸ਼ੁਦਾ ਵਾਹਨ ਬਰਾਮਦ ਹੋਏ, ਜਿਨ੍ਹਾਂ ‘ਤੇ ਨਕਲੀ ਲਾਇਸੈਂਸ ਪਲੇਟਾਂ ਲੱਗੀਆਂ ਹੋਈਆਂ ਸਨ। ਛਾਪੇਮਾਰੀ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਅਨੁਸਾਰ 28 ਸਾਲਾ ਅੰਮ੍ਰਿਤਪਾਲ ਖੱਟੜਾ ‘ਤੇ ਅਪਰਾਧ ਦੁਆਰਾ ਪ੍ਰਾਪਤ ਜਾਇਦਾਦ ਆਪਣੇ ਕਬਜ਼ੇ ਵਿੱਚ ਰੱਖਣ, ਨਕਲੀ ਪਛਾਣ ਚਿੰਨ੍ਹ ਰੱਖਣ, ਰਿਹਾਈ ਅਤੇ ਪ੍ਰੋਬੇਸ਼ਨ ਦੇ ਹੁਕਮਾਂ ਦੀ ਉਲੰਘਣਾ, ਵਾਹਨ ਚੋਰੀ ਦੀ ਕੋਸ਼ਿਸ਼, ਚੋਰੀ ਦੇ ਸੰਦ ਰੱਖਣ ਅਤੇ ਤੋੜ-ਭੰਨ ਵਰਗੇ ਕਈ ਗੰਭੀਰ ਆਰੋਪ ਲਗਾਏ ਗਏ ਹਨ।
ਉੱਥੇ ਹੀ 33 ਸਾਲਾ ਗੁਰਤਾਸ ਭੁੱਲਰ ‘ਤੇ ਵੀ ਵਾਹਨ ਚੋਰੀ ਦੀ ਕੋਸ਼ਿਸ਼, ਚੋਰੀ ਦੇ ਸੰਦ ਰੱਖਣ, ਰਿਹਾਈ ਦੇ ਆਦੇਸ਼ਾਂ ਦੀ ਉਲੰਘਣਾ, ਅਪਰਾਧਿਕ ਜਾਇਦਾਦ ‘ਤੇ ਕਬਜ਼ਾ, ਵਾਹਨ ਚੋਰੀ ਅਤੇ ਘਰ ਤੋੜਨ ਦੇ ਆਰੋਪ ਦਰਜ ਕੀਤੇ ਗਏ ਹਨ।
ਮਾਮਲੇ ਵਿੱਚ ਸ਼ਾਮਲ ਮਨਦੀਪ ਕੌਰ ਨੂੰ ਕੁਝ ਸਖ਼ਤ ਸ਼ਰਤਾਂ ਦੇ ਨਾਲ ਰਿਹਾਅ ਕਰ ਦਿੱਤਾ ਗਿਆ ਹੈ, ਜਦਕਿ ਅੰਮ੍ਰਿਤਪਾਲ ਖੱਟੜਾ ਅਤੇ ਗੁਰਤਾਸ ਭੁੱਲਰ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਗਿਰੋਹ ਨਾਲ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆ ਸਕਦੇ ਹਨ।
Get all latest content delivered to your email a few times a month.