ਤਾਜਾ ਖਬਰਾਂ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਇੱਕ ਦਿਨਾਂ ਪੰਜਾਬ ਦੌਰੇ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਭਾਜਪਾ ਵੱਲੋਂ ਆਯੋਜਿਤ ਰੈਲੀ ਨੂੰ ਸੰਬੋਧਨ ਕੀਤਾ। ਸਮਰਾਲਾ ਪਹੁੰਚਣ ਤੋਂ ਪਹਿਲਾਂ ਮੁੱਖ ਮੰਤਰੀ ਸੈਣੀ ਨੇ ਸ੍ਰੀ ਮਾਛੀਵਾੜਾ ਸਾਹਿਬ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਗੁਰੂ ਘਰ ਵਿੱਚ ਨਤਮਸਤਕ ਹੋ ਕੇ ਅਰਦਾਸ ਕੀਤੀ।
ਇਸ ਮੌਕੇ ਉਨ੍ਹਾਂ ਨੇ ਗੁਰਦੁਆਰੇ ਦੀ ਪਰਿਕਰਮਾ ਕੀਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇਤਿਹਾਸ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਉਸ ਪਾਵਨ ਧਰਤੀ ’ਤੇ ਨਤਮਸਤਕ ਹੋਣ ਦਾ ਮੌਕਾ ਮਿਲਿਆ, ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਪੱਸਿਆ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਦੇਸ਼, ਸਮਾਜ ਅਤੇ ਧਰਮ ਲਈ ਅਮਰ ਹਨ ਅਤੇ ਇਤਿਹਾਸ ਉਨ੍ਹਾਂ ਨੂੰ ਸਦਾ ਯਾਦ ਰੱਖੇਗਾ।
ਸਮਰਾਲਾ ਵਿਖੇ ਨਵੀਂ ਅਨਾਜ ਮੰਡੀ, ਚਾਵਾ ਰੋਡ ’ਤੇ ਆਯੋਜਿਤ ਭਾਜਪਾ ਰੈਲੀ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਭਾਜਪਾ ਆਗੂਆਂ ਅਤੇ ਪੇਂਡੂ ਲੀਡਰਸ਼ਿਪ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਰੈਲੀ ਵਿੱਚ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਰੈਲੀ ਨੂੰ ਸੰਬੋਧਨ ਕਰਦੇ ਹੋਏ CM ਸੈਣੀ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਜਪਾ ਦੇਸ਼ ਦੀ ਏਕਤਾ, ਵਿਕਾਸ ਅਤੇ ਸਭ ਦਾ ਸਾਥ-ਸਭ ਦਾ ਵਿਕਾਸ ਦੇ ਮੰਤਰ ਨਾਲ ਅੱਗੇ ਵੱਧ ਰਹੀ ਹੈ।
Get all latest content delivered to your email a few times a month.