ਤਾਜਾ ਖਬਰਾਂ
ਪਟਿਆਲਾ ਦੀ ਨੂੰਹ ਅਤੇ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਦਾ ਨਵਾਂ ਗੀਤ ‘ਕੈਂਡੀ ਸ਼ਾਪ’ ਰਿਲੀਜ਼ ਤੋਂ ਕੁਝ ਹੀ ਹਫ਼ਤਿਆਂ ਵਿੱਚ ਵਿਵਾਦਾਂ ਵਿੱਚ ਫਸ ਗਿਆ ਹੈ। ਗੀਤ ਦੇ ਕਥਿਤ ਅਸ਼ਲੀਲ ਬੋਲਾਂ ਅਤੇ ਇਤਰਾਜ਼ਯੋਗ ਡਾਂਸ ਮੂਵਜ਼ ਨੂੰ ਲੈ ਕੇ ਬੱਚਿਆਂ ’ਤੇ ਮਾੜੇ ਮਨੋਵਿਗਿਆਨਕ ਪ੍ਰਭਾਵ ਪੈਣ ਦੀ ਗੱਲ ਕਹੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (SCPCR) ਕੋਲ ਸ਼ਿਕਾਇਤ ਦਰਜ ਕਰਵਾਈ ਗਈ, ਜਿਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਮਿਸ਼ਨ ਨੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (NCPCR), ਨਵੀਂ ਦਿੱਲੀ ਨੂੰ ਅੱਗੇ ਭੇਜ ਦਿੱਤਾ ਹੈ।
ਇਹ ਸ਼ਿਕਾਇਤ ਪ੍ਰੋ. ਪੰਡਿਤ ਰਾਓ ਧਨੇਰਵਰ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਗੀਤ ਵਿੱਚ ਦਰਸਾਏ ਗਏ ਦ੍ਰਿਸ਼ ਅਤੇ ਡਾਂਸ ਸਟੈਪਸ ਬੱਚਿਆਂ ਦੇ ਮਾਨਸਿਕ ਅਤੇ ਨੈਤਿਕ ਵਿਕਾਸ ’ਤੇ ਨਕਾਰਾਤਮਕ ਅਸਰ ਪਾ ਸਕਦੇ ਹਨ। ਪ੍ਰੋ. ਧਨੇਰਵਰ ਨੇ ਨੇਹਾ ਕੱਕੜ ਖ਼ਿਲਾਫ਼ ਢੁਕਵੀਂ ਕਾਰਵਾਈ ਦੀ ਮੰਗ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਗੀਤ ਨੂੰ ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾਇਆ ਜਾਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਨੇਹਾ ਕੱਕੜ ਉੱਤਰਾਖੰਡ ਦੀ ਰਹਿਣ ਵਾਲੀ ਹੈ ਅਤੇ ਉਹ ਬਾਲੀਵੁੱਡ ਦੀਆਂ ਸਭ ਤੋਂ ਲੋਕਪ੍ਰਿਯ ਗਾਇਕਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ‘ਕੈਂਡੀ ਸ਼ਾਪ’ ਗੀਤ ਨੂੰ ਨਵੇਂ ਸਾਲ ਦੀ ਪਾਰਟੀ ਥੀਮ ਅਧੀਨ ਤਿਆਰ ਕੀਤਾ ਗਿਆ ਸੀ, ਜੋ ਤਿੰਨ ਹਫ਼ਤੇ ਪਹਿਲਾਂ ਰਿਲੀਜ਼ ਹੋਇਆ। ਹੁਣ ਤੱਕ ਇਸ ਗੀਤ ਨੂੰ 20 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਪਰ ਲੋਕਪ੍ਰਿਯਤਾ ਦੇ ਨਾਲ-ਨਾਲ ਵਿਵਾਦ ਵੀ ਵਧਦਾ ਜਾ ਰਿਹਾ ਹੈ।
ਸੋਸ਼ਲ ਮੀਡੀਆ ’ਤੇ ਕਈ ਯੂਜ਼ਰਾਂ ਨੇ ਗੀਤ ਦੇ ਹੁੱਕ ਸਟੈਪਸ ਅਤੇ ਡਾਂਸ ਮੂਵਜ਼ ਨੂੰ “ਹੱਦ ਤੋਂ ਵੱਧ ਅਸ਼ਲੀਲ” ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਪਰਿਵਾਰ ਨਾਲ ਬੈਠ ਕੇ ਦੇਖਣ ਯੋਗ ਨਹੀਂ। ਕੁਝ ਯੂਜ਼ਰਾਂ ਨੇ ਇਸਨੂੰ ਬੀ-ਗ੍ਰੇਡ ਸਮੱਗਰੀ ਤੱਕ ਕਹਿ ਦਿੱਤਾ। ਮਸ਼ਹੂਰ ਸ਼ਾਸਤਰੀ ਗਾਇਕਾ ਮਾਲਿਨੀ ਅਵਸਥੀ ਨੇ ਵੀ ਗੀਤ ’ਤੇ ਆਪਣਾ ਇਤਰਾਜ਼ ਦਰਜ ਕਰਵਾਇਆ ਹੈ।
ਹਾਲਾਂਕਿ, ਇਸ ਮਾਮਲੇ ’ਚ ਹਰ ਕੋਈ ਨੇਹਾ ਕੱਕੜ ਦੇ ਖ਼ਿਲਾਫ਼ ਨਹੀਂ ਹੈ। ਪੰਜਾਬੀ ਗਾਇਕ ਕਾਕਾ ਨੇ ਨੇਹਾ ਦੇ ਸਮਰਥਨ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਅਜਿਹੇ ਗੀਤ ਅੱਜਕੱਲ੍ਹ ਦੇ ਸੰਗੀਤ ਬਾਜ਼ਾਰ ਦਾ ਹਿੱਸਾ ਬਣ ਚੁੱਕੇ ਹਨ।
ਹੁਣ ਦੇਖਣਾ ਇਹ ਹੈ ਕਿ ਨੈਸ਼ਨਲ ਚਾਇਲਡ ਕਮਿਸ਼ਨ ਇਸ ਮਾਮਲੇ ’ਚ ਕੀ ਫੈਸਲਾ ਕਰਦੀ ਹੈ ਅਤੇ ਕੀ ਨੇਹਾ ਕੱਕੜ ਦੇ ਗੀਤ ‘ਕੈਂਡੀ ਸ਼ਾਪ’ ’ਤੇ ਕੋਈ ਠੋਸ ਕਾਰਵਾਈ ਹੁੰਦੀ ਹੈ ਜਾਂ ਨਹੀਂ।
Get all latest content delivered to your email a few times a month.