ਤਾਜਾ ਖਬਰਾਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਨੋਬਲ ਸ਼ਾਂਤੀ ਪੁਰਸਕਾਰ (Nobel Peace Prize) ਨੂੰ ਲੈ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲੇ ਨੋਬਲ 'ਤੇ ਸਵਾਲ ਉਠਾਉਂਦਿਆਂ ਦਾਅਵਾ ਕੀਤਾ ਕਿ ਇਤਿਹਾਸ ਵਿੱਚ ਉਨ੍ਹਾਂ ਤੋਂ ਜ਼ਿਆਦਾ ਹੱਕਦਾਰ ਕੋਈ ਨਹੀਂ ਹੈ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਵੱਡਾ ਸੰਘਰਸ਼ ਰੁਕਵਾਇਆ, ਹਾਲਾਂਕਿ ਭਾਰਤ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
'ਅੱਠ ਜਹਾਜ਼ ਡੇਗ ਦਿੱਤੇ ਗਏ':
ਤੇਲ ਅਤੇ ਗੈਸ ਕੰਪਨੀਆਂ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਪਿਛਲੇ ਸਾਲ ਮਈ ਵਿੱਚ ਭਾਰਤ-ਪਾਕਿ ਤਣਾਅ ਦੌਰਾਨ ਸਥਿਤੀ ਬੇਹੱਦ ਗੰਭੀਰ ਸੀ ਅਤੇ "ਅੱਠ ਜਹਾਜ਼ ਅਸਮਾਨ ਵਿੱਚ ਮਾਰ ਗਿਰਾਏ ਗਏ ਸਨ"। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਜਹਾਜ਼ ਕਿਸ ਦੇਸ਼ ਦੇ ਸਨ।
ਟਰੰਪ ਨੇ ਦਾਅਵਾ ਕੀਤਾ:
"ਲੋਕ ਮੈਨੂੰ ਪਸੰਦ ਕਰਨ ਜਾਂ ਨਾ ਕਰਨ, ਪਰ ਮੈਂ ਅੱਠ ਵੱਡੀਆਂ ਜੰਗਾਂ ਰੁਕਵਾਈਆਂ ਹਨ। ਕੁੱਝ ਦਹਾਕਿਆਂ ਤੋਂ ਚੱਲ ਰਹੀਆਂ ਸਨ ਅਤੇ ਕੁੱਝ ਸ਼ੁਰੂ ਹੋਣ ਵਾਲੀਆਂ ਸਨ, ਜਿਵੇਂ ਭਾਰਤ ਅਤੇ ਪਾਕਿਸਤਾਨ ਵਿਚਕਾਰ।"
ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਸੰਘਰਸ਼ ਰੁਕਵਾਉਣ ਦਾ ਸਿਹਰਾ ਦਿੱਤਾ ਅਤੇ ਕਿਹਾ ਕਿ ਇਸ ਨਾਲ ਲੱਖਾਂ ਲੋਕਾਂ ਦੀ ਜਾਨ ਬਚੀ।
ਭਾਰਤ ਦਾ ਸਪੱਸ਼ਟ ਰੁਖ:
ਭਾਰਤ ਨੇ ਇੱਕ ਵਾਰ ਫਿਰ ਟਰੰਪ ਦੇ ਦਾਅਵਿਆਂ ਦੀ 'ਕਲਾਸ' ਲਗਾ ਦਿੱਤੀ ਹੈ। ਭਾਰਤ ਦਾ ਸਪੱਸ਼ਟ ਰੁਖ ਹੈ ਕਿ ਭਾਰਤ-ਪਾਕਿ ਸੰਘਰਸ਼ ਵਿਰਾਮ ਪੂਰੀ ਤਰ੍ਹਾਂ ਦੁਵੱਲੀ ਗੱਲਬਾਤ ਦਾ ਨਤੀਜਾ ਸੀ ਅਤੇ ਇਸ ਵਿੱਚ ਕਿਸੇ ਤੀਜੇ ਦੇਸ਼ ਦੀ ਕੋਈ ਭੂਮਿਕਾ ਨਹੀਂ ਰਹੀ।
ਭਾਰਤ ਦਾ ਕਹਿਣਾ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਉਸ ਨੇ ਪਾਕਿਸਤਾਨ ਅਤੇ ਪਾਕਿਸਤਾਨ ਅਧਿਕਾਰਤ ਕਸ਼ਮੀਰ ਵਿੱਚ ਅੱਤਵਾਦੀ ਟਿਕਾਣਿਆਂ 'ਤੇ 'ਆਪਰੇਸ਼ਨ ਸਿੰਦੂਰ' ਚਲਾਇਆ ਸੀ। ਇਸ ਤੋਂ ਬਾਅਦ 10 ਮਈ ਨੂੰ ਆਪਸੀ ਸਹਿਮਤੀ ਨਾਲ ਸੰਘਰਸ਼ ਵਿਰਾਮ ਹੋਇਆ।
ਓਬਾਮਾ ਨੂੰ ਬਣਾਇਆ ਨਿਸ਼ਾਨਾ:
ਨੋਬਲ ਸ਼ਾਂਤੀ ਪੁਰਸਕਾਰ 'ਤੇ ਟਰੰਪ ਨੇ ਬਰਾਕ ਓਬਾਮਾ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ, "ਓਬਾਮਾ ਨੂੰ ਰਾਸ਼ਟਰਪਤੀ ਬਣਦੇ ਹੀ ਨੋਬਲ ਦੇ ਦਿੱਤਾ ਗਿਆ, ਜਦੋਂ ਕਿ ਉਨ੍ਹਾਂ ਨੇ ਕੁੱਝ ਕੀਤਾ ਹੀ ਨਹੀਂ। ਉਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਕਿਉਂ ਮਿਲਿਆ।"
ਟਰੰਪ ਦੇ ਇਨ੍ਹਾਂ ਬਿਆਨਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਨੋਬਲ ਪੁਰਸਕਾਰ ਅਤੇ ਭਾਰਤ-ਪਾਕਿ ਮੁੱਦੇ ਨੂੰ ਲੈ ਕੇ ਅਮਰੀਕੀ ਰਾਜਨੀਤੀ ਵਿੱਚ ਬਿਆਨਬਾਜ਼ੀ ਤੇਜ਼ ਹੋ ਰਹੀ ਹੈ, ਜਦੋਂ ਕਿ ਭਾਰਤ ਆਪਣੇ ਰੁਖ 'ਤੇ ਅਡਿੱਗ ਹੈ।
Get all latest content delivered to your email a few times a month.