ਤਾਜਾ ਖਬਰਾਂ
ਅੰਮ੍ਰਿਤਸਰ ਸ਼ਹਿਰ ਵਿੱਚ ਨਿਹੰਗ ਸਿੰਘਾਂ ਦਰਮਿਆਨ ਹੋਏ ਇਕ ਗੰਭੀਰ ਝਗੜੇ ਨੇ ਤਣਾਅਪੂਰਨ ਹਾਲਾਤ ਪੈਦਾ ਕਰ ਦਿੱਤੇ ਹਨ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਫੈਲ ਰਹੀਆਂ ਹਨ। ਮਾਮਲੇ ਸਬੰਧੀ ਇੱਕ ਨਿਹੰਗ ਸਿੰਘ ਵੱਲੋਂ ਦੂਜੇ ਨਿਹੰਗ ਸਿੰਘ ’ਤੇ ਗੰਭੀਰ ਦੋਸ਼ ਲਗਾਏ ਗਏ ਹਨ। ਸ਼ਿਕਾਇਤਕਰਤਾ ਮੁਤਾਬਕ ਆਰੋਪੀ ਨਿਹੰਗ ਸਿੰਘ ਸਿੱਖੀ ਦੇ ਪ੍ਰਚਾਰ ਵਿੱਚ ਰੁਕਾਵਟ ਬਣਦਾ ਹੈ ਅਤੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਤੇ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਹੈ, ਜਿਸ ਬਾਰੇ ਸੰਗਤਾਂ ਨੂੰ ਪਹਿਲਾਂ ਤੋਂ ਜਾਣਕਾਰੀ ਹੈ।
ਪੀੜਤ ਪੱਖ ਦਾ ਦਾਅਵਾ ਹੈ ਕਿ ਆਰੋਪੀ ਅਤੇ ਉਸਦੇ ਸਾਥੀਆਂ ਖ਼ਿਲਾਫ਼ ਪਹਿਲਾਂ ਵੀ ਕਈ ਗੰਭੀਰ ਮਾਮਲੇ ਦਰਜ ਹਨ। ਘਟਨਾ ਉਸ ਵੇਲੇ ਵਾਪਰੀ ਜਦੋਂ ਗੁਰਦੁਆਰਾ ਸਾਹਿਬ ਦੇ ਲੰਗਰ ਲਈ ਸਬਜ਼ੀ ਲੈਣ ਜਾ ਰਹੇ ਨਿਹੰਗ ਸਿੰਘ ਦੇ ਪੁੱਤਰ ਨੂੰ ਰਾਹ ਵਿੱਚ ਰੋਕ ਕੇ ਗਾਲਾਂ ਕੱਢੀਆਂ ਗਈਆਂ ਅਤੇ ਜਾਨੋਂ ਮਾਰਨ ਦੀ ਨੀਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਨੌਜਵਾਨ ਨੇ ਸੂਝਬੂਝ ਨਾਲ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ, ਜਦਕਿ ਉੱਥੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਤੁਰੰਤ ਦਖ਼ਲ ਦੇ ਕੇ ਉਸਦੀ ਸੁਰੱਖਿਆ ਯਕੀਨੀ ਬਣਾਈ। ਇਸ ਦੌਰਾਨ ਆਰੋਪੀ ਨਿਹੰਗ ਸਿੰਘ ਵੱਲੋਂ ਆਪਣੇ ਡੇਰੇ ਦੀ ਛੱਤ ’ਤੇ ਚੜ੍ਹ ਕੇ ਧਮਕੀਆਂ ਦੇਣ ਦੀ ਇਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਪੀੜਤ ਨਿਹੰਗ ਸਿੰਘ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਅਤੇ ਗਹਿਰਾਈ ਨਾਲ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
Get all latest content delivered to your email a few times a month.