ਤਾਜਾ ਖਬਰਾਂ
ਚੰਡੀਗੜ੍ਹ ਵਿੱਚ ਵਧ ਰਹੀ ਠੰਢ ਅਤੇ ਧੁੰਦ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ 13 ਜਨਵਰੀ 2026 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ ਸਕੂਲ 10 ਜਨਵਰੀ ਤੋਂ ਖੁੱਲ੍ਹਣੇ ਸਨ, ਪਰ ਮੌਸਮੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਪ੍ਰਾਥਮਿਕਤਾ ਦਿੰਦਿਆਂ ਲਿਆ ਗਿਆ ਹੈ।
ਇਹ ਹੁਕਮ ਚੰਡੀਗੜ੍ਹ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ‘ਤੇ ਲਾਗੂ ਹੋਵੇਗਾ। ਹੁਕਮਾਂ ਮੁਤਾਬਕ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਅਤੇ ਨੌਵੀਂ ਤੇ ਗਿਆਰਵੀਂ ਦੀਆਂ ਗੈਰ-ਬੋਰਡ ਕਲਾਸਾਂ ਲਈ ਫਿਜ਼ੀਕਲ ਹਾਜ਼ਰੀ ਨਹੀਂ ਹੋਵੇਗੀ। ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਨਹੀਂ ਬੁਲਾਇਆ ਜਾਵੇਗਾ, ਹਾਲਾਂਕਿ ਅਧਿਆਪਕ ਸਵੇਰੇ 9 ਵਜੇ ਤੋਂ ਔਨਲਾਈਨ ਕਲਾਸਾਂ ਲਗਾ ਸਕਣਗੇ।
ਦੂਜੇ ਪਾਸੇ, 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਇਮਤਿਹਾਨਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਸਕੂਲਾਂ ਵਿੱਚ ਫਿਜ਼ੀਕਲ ਕਲਾਸਾਂ ਜਾਰੀ ਰਹਿਣਗੀਆਂ। ਪਰ ਸਕੂਲ ਸਵੇਰੇ 9:30 ਵਜੇ ਤੋਂ ਪਹਿਲਾਂ ਨਹੀਂ ਖੁੱਲ੍ਹਣਗੇ ਅਤੇ ਦੁਪਹਿਰ 3:30 ਵਜੇ ਬੰਦ ਕਰ ਦਿੱਤੇ ਜਾਣਗੇ। ਸਿੱਖਿਆ ਵਿਭਾਗ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸਕੂਲ ਸਟਾਫ਼ ਦੇ ਕੰਮਕਾਜ ਦੇ ਘੰਟੇ ਪਹਿਲਾਂ ਵਾਂਗ ਨਿਯਮਤ ਰਹਿਣਗੇ।
ਮੌਸਮ ਵਿਭਾਗ ਅਨੁਸਾਰ ਪੰਜਾਬ ਸਮੇਤ ਚੰਡੀਗੜ੍ਹ ਵਿੱਚ 13 ਜਨਵਰੀ ਤੱਕ ਸੰਘਣੀ ਧੁੰਦ ਅਤੇ ਸੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਸਵੇਰੇ ਸਮੇਂ ਧੁੰਦ ਕਾਰਨ ਸਕੂਲ ਬੱਸਾਂ ਨਾਲ ਸੜਕ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ, ਠੰਢੀ ਹਵਾ ਅਤੇ ਘੱਟ ਤਾਪਮਾਨ ਬੱਚਿਆਂ ਦੀ ਸਿਹਤ ‘ਤੇ ਮਾੜਾ ਅਸਰ ਪਾ ਸਕਦੇ ਹਨ।
ਮੋਹਾਲੀ ਦੇ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਵਿੱਚ ਬੱਚਿਆਂ ਦੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਅਤੇ ਸਕੂਲਾਂ ਵਿੱਚ ਵੱਧ ਭੀੜ ਹੋਣ ਕਾਰਨ ਵਾਇਰਲ ਬੁਖਾਰ, ਜ਼ੁਕਾਮ ਅਤੇ ਹੋਰ ਸੰਕਰਮਕ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸੇ ਕਾਰਨ ਸਰਕਾਰ ਵੱਲੋਂ ਛੁੱਟੀਆਂ ਵਧਾਉਣ ਦਾ ਫੈਸਲਾ ਸਹੀ ਹੈ।
ਸਿੱਖਿਆ ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ 14 ਜਨਵਰੀ ਤੋਂ ਮੌਸਮ ਸਧਾਰਨ ਰਹਿਣ ‘ਤੇ ਸਾਰੇ ਸਕੂਲ ਆਮ ਤੌਰ ‘ਤੇ ਖੁੱਲ੍ਹ ਜਾਣਗੇ।
Get all latest content delivered to your email a few times a month.