ਤਾਜਾ ਖਬਰਾਂ
ਮਾਛੀਵਾੜਾ ਸਾਹਿਬ ਦੇ ਪਿੰਡ ਭੱਟੀਆਂ ਵਿਖੇ ਸਥਿਤ ਇੱਕ ਫੈਕਟਰੀ ਵਿੱਚ ਅੱਜ ਸਵੇਰੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਕੈਂਟਰ ਦੇ ਕੈਬਿਨ ਵਿੱਚੋਂ ਸ਼ੱਕੀ ਹਾਲਤ ਵਿੱਚ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮੁੱਢਲੇ ਤੌਰ 'ਤੇ ਇਹ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਠੰਢ ਤੋਂ ਬਚਣ ਲਈ ਕੈਂਟਰ ਦੇ ਅੰਦਰ ਕੋਲੇ ਪਾ ਕੇ ਬਾਲੀ ਗਈ ਅੰਗੀਠੀ ਦੀ ਜ਼ਹਿਰੀਲੀ ਗੈਸ (ਕਾਰਬਨ ਮੋਨੋਆਕਸਾਈਡ) ਕਾਰਨ ਦਮ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋਈ ਹੈ।
ਮ੍ਰਿਤਕਾਂ ਦੀ ਪਛਾਣ ਕੈਂਟਰ ਚਾਲਕ ਛੋਟੂ (ਯੂ.ਪੀ. ਦੇ ਡੂੰਗਰਾਂਵਾਲਾ ਦਾ ਵਾਸੀ) ਅਤੇ ਉਸਦੇ ਸਾਥੀ ਭਗਵਾਨ (ਰਾਜਸਥਾਨ ਦੇ ਮਹਿਤਾ ਜ਼ਿਲ੍ਹੇ ਦਾ ਵਾਸੀ) ਵਜੋਂ ਹੋਈ ਹੈ, ਜੋ ਕਿ ਰਿਸ਼ਤੇ ਵਿੱਚ ਫੁੱਫੜ ਅਤੇ ਭਤੀਜਾ ਲੱਗਦੇ ਸਨ।
ਫੈਕਟਰੀ ਵਿੱਚ ਤੇਲ ਲੈਣ ਆਇਆ ਸੀ ਕੈਂਟਰ
ਫੈਕਟਰੀ ਦੇ ਸੁਰੱਖਿਆ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਿਫਾਇੰਡ ਤੇਲ ਲੈਣ ਲਈ ਇਹ ਕੈਂਟਰ 5 ਜਨਵਰੀ ਨੂੰ ਫੈਕਟਰੀ ਵਿੱਚ ਆਇਆ ਸੀ। ਅੱਜ ਸਵੇਰੇ ਜਦੋਂ ਦੋਵੇਂ ਨੌਜਵਾਨ ਕੈਬਿਨ ਵਿੱਚ ਮ੍ਰਿਤਕ ਪਾਏ ਗਏ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਮੌਕੇ 'ਤੇ ਪਹੁੰਚੇ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਫੈਕਟਰੀ ਪ੍ਰਬੰਧਕਾਂ ਅਨੁਸਾਰ ਦੋਵੇਂ ਰਾਤ ਖਾਣਾ ਖਾ ਕੇ ਕੈਂਟਰ ਦੇ ਅੰਦਰ ਹੀ ਸੌਂ ਗਏ ਸਨ। ਕੈਬਿਨ ਦੀ ਤਲਾਸ਼ੀ ਦੌਰਾਨ ਉੱਥੋਂ ਇੱਕ ਕੋਲੇ ਦੀ ਅੰਗੀਠੀ ਬਰਾਮਦ ਹੋਈ ਹੈ।
ਗੈਸ ਏਨੀ ਜ਼ਹਿਰੀਲੀ ਕਿ ਉਲਟੀਆਂ ਕਰਨ ਦਾ ਵੀ ਨਹੀਂ ਮਿਲਿਆ ਮੌਕਾ
ਮੁਢਲੀ ਜਾਂਚ ਦੌਰਾਨ ਪੁਲਿਸ ਇਹ ਮੰਨ ਰਹੀ ਹੈ ਕਿ ਅੰਗੀਠੀ ਤੋਂ ਨਿਕਲੀ ਗੈਸ ਕਾਰਨ ਹੀ ਦੋਵਾਂ ਦਾ ਦਮ ਘੁੱਟਿਆ ਗਿਆ ਹੈ। ਪੁਲਿਸ ਅਨੁਸਾਰ, ਲਾਸ਼ਾਂ ਨੇ ਉਲਟੀਆਂ ਵੀ ਕੀਤੀਆਂ ਸਨ, ਪਰ ਗੈਸ ਏਨੀ ਜ਼ਹਿਰੀਲੀ ਸੀ ਕਿ ਉਨ੍ਹਾਂ ਨੂੰ ਕੈਬਿਨ ਦਾ ਦਰਵਾਜ਼ਾ ਖੋਲ੍ਹਣ ਦਾ ਵੀ ਮੌਕਾ ਨਹੀਂ ਮਿਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਲਈਆਂ ਹਨ ਅਤੇ ਪੋਸਟਮਾਰਟਮ ਲਈ ਭੇਜੀਆਂ ਜਾਣਗੀਆਂ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਅੱਜ ਬਾਅਦ ਦੁਪਹਿਰ ਤੱਕ ਥਾਣੇ ਪਹੁੰਚਣ ਦੀ ਉਮੀਦ ਹੈ।
Get all latest content delivered to your email a few times a month.