ਤਾਜਾ ਖਬਰਾਂ
ਫ਼ਿਰੋਜ਼ਪੁਰ: ਜ਼ਿਲ੍ਹੇ ਦੇ ਹਰਮਨ ਨਗਰ ਵਿੱਚ ਇੱਕ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮਸ਼ਹੂਰ ਸੈਲੂਨ ਅਤੇ ਫਾਈਨੈਂਸ ਦਾ ਕੰਮ ਕਰਨ ਵਾਲੇ ਵਿਅਕਤੀ ਅਮਨਦੀਪ ਸਿੰਘ ਨੇ ਆਪਣੇ ਪੂਰੇ ਪਰਿਵਾਰ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ। ਇਸ ਘਟਨਾ ਵਿੱਚ ਅਮਨਦੀਪ ਸਮੇਤ ਉਸਦੀ ਪਤਨੀ ਅਤੇ ਦੋ ਮਾਸੂਮ ਬੇਟੀਆਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਅਮਨਦੀਪ ਸਿੰਘ, ਉਸਦੀ ਪਤਨੀ ਜਸਵੀਰ ਕੌਰ, ਅਤੇ 6 ਅਤੇ 10 ਸਾਲ ਦੀਆਂ ਦੋ ਧੀਆਂ, ਮਨਵੀਰ ਅਤੇ ਪ੍ਰਨੀਤ ਕੌਰ ਵਜੋਂ ਹੋਈ ਹੈ।
ਕਿਰਾਏਦਾਰਾਂ ਅਤੇ ਨੌਕਰਾਣੀ ਨੇ ਕੀਤਾ ਖੁਲਾਸਾ
ਪਰਿਵਾਰ ਨੇ ਦੱਸਿਆ ਕਿ ਵੀਰਵਾਰ ਦੀ ਸਵੇਰ ਨੂੰ ਜਦੋਂ ਨੌਕਰਾਣੀ ਕੰਮ 'ਤੇ ਆਈ ਤਾਂ ਦਰਵਾਜ਼ਾ ਨਹੀਂ ਖੁੱਲ੍ਹਿਆ। ਉੱਪਰ ਰਹਿਣ ਵਾਲੇ ਕਿਰਾਏਦਾਰਾਂ ਨੇ ਇਸ ਬਾਰੇ ਅਮਨਦੀਪ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ। ਗੁਆਂਢੀ ਕਰਨ ਨੇ ਦੇਖਿਆ ਕਿ ਅਮਨਦੀਪ ਸਵੇਰੇ ਕੰਮ ਲਈ ਘਰੋਂ ਨਹੀਂ ਨਿਕਲਿਆ ਸੀ। ਜਦੋਂ ਦਰਵਾਜ਼ਾ ਅੰਦਰੋਂ ਬੰਦ ਪਾਇਆ ਗਿਆ ਤਾਂ ਜ਼ਬਰਦਸਤੀ ਦਰਵਾਜ਼ਾ ਖੋਲ੍ਹਣ 'ਤੇ ਅੰਦਰੋਂ ਚਾਰੋਂ ਜੀਆਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਨੂੰ ਗੋਲੀ ਮਾਰੀ ਗਈ ਸੀ।
ਪੁਲਿਸ ਨੇ ਸ਼ੱਕੀ ਪਿਸਤੌਲ ਬਰਾਮਦ ਕੀਤਾ
ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਅਮਨਦੀਪ ਸਿੰਘ ਨੇ ਆਪਣੀਆਂ ਦੋ ਧੀਆਂ ਅਤੇ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ। ਅਮਨਦੀਪ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਮਾਮਲਾ ਬਹੁਤ ਸੰਵੇਦਨਸ਼ੀਲ ਹੈ, ਇਸ ਲਈ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਪੁਸ਼ਟੀ ਕਰਨ ਲਈ ਸੀ.ਸੀ.ਟੀ.ਵੀ. ਫੁਟੇਜ ਦੀ ਵੀ ਜਾਂਚ ਕਰ ਰਹੀ ਹੈ ਕਿ ਅਮਨਦੀਪ ਨੇ ਖੁਦ ਗੋਲੀ ਮਾਰੀ ਹੈ ਜਾਂ ਕਿਸੇ ਹੋਰ ਵਿਅਕਤੀ ਦਾ ਹੱਥ ਹੈ।
ਪੁਲਿਸ ਇਸ ਸਮੂਹਿਕ ਕਤਲ-ਖੁਦਕੁਸ਼ੀ ਦੇ ਪਿੱਛੇ ਦੇ ਅਸਲ ਕਾਰਨਾਂ—ਖਾਸ ਕਰਕੇ ਆਰਥਿਕ ਜਾਂ ਪਰਿਵਾਰਕ ਤਣਾਅ—ਦੀ ਜਾਂਚ ਕਰ ਰਹੀ ਹੈ ਤਾਂ ਜੋ ਪੂਰੀ ਸੱਚਾਈ ਦਾ ਪਤਾ ਲਗਾਇਆ ਜਾ ਸਕੇ।
Get all latest content delivered to your email a few times a month.