ਤਾਜਾ ਖਬਰਾਂ
ਪੰਜਾਬ ਸਰਕਾਰ ਵੱਲੋਂ ਸਰਹੱਦ ਪਾਰ ਤੋਂ ਆਉਣ ਵਾਲੇ ਡਰੋਨਾਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਕਰੋੜਾਂ ਦੀ ਲਾਗਤ ਨਾਲ ਐਂਟੀ-ਡਰੋਨ ਸਿਸਟਮ ਲਗਾਇਆ ਗਿਆ ਹੈ। ਪੁਲਿਸ ਇਸ ਸਿਸਟਮ ਦੀ ਮਦਦ ਨਾਲ ਪਾਕਿਸਤਾਨੀ ਡਰੋਨਾਂ ਦੇ ਸਿਗਨਲ ਤੋੜਨ ਵਿੱਚ ਤਾਂ ਸਫਲ ਹੋ ਰਹੀ ਹੈ, ਪਰ ਅਤਿ-ਆਧੁਨਿਕ ਕਿਸਮ ਦੇ ਡਰੋਨ ਹੁਣ ਨਵੀਂ ਪਰੇਸ਼ਾਨੀ ਬਣ ਗਏ ਹਨ।
'ਰਿਟਰਨ ਟੂ ਹੋਮ' ਸਿਸਟਮ ਬਣਿਆ ਵੱਡੀ ਸਮੱਸਿਆ
ਇਸ ਸਮੱਸਿਆ ਦਾ ਮੁੱਖ ਕਾਰਨ ਡਰੋਨਾਂ ਵਿੱਚ ਮੌਜੂਦ 'ਰਿਟਰਨ ਟੂ ਹੋਮ' (RTH) ਸਿਸਟਮ ਹੈ। ਇਸ ਐਡਵਾਂਸਡ ਫੀਚਰ ਕਾਰਨ ਜਦੋਂ ਪੁਲਿਸ ਡਰੋਨ ਦਾ ਕੰਟਰੋਲ ਸਿਗਨਲ ਤੋੜ ਦਿੰਦੀ ਹੈ, ਤਾਂ ਇਹ ਡਰੋਨ ਖੁਦ ਹੀ ਪਹਿਲਾਂ ਤੋਂ ਨਿਰਧਾਰਤ ਕੀਤੀ ਗਈ ਆਪਣੀ ਸ਼ੁਰੂਆਤੀ ਲੋਕੇਸ਼ਨ (ਹੋਮ ਪੁਆਇੰਟ) ਵੱਲ ਵਾਪਸ ਪਰਤ ਜਾਂਦੇ ਹਨ।
ਪਿਛਲੇ ਛੇ ਮਹੀਨਿਆਂ ਵਿੱਚ, ਪੁਲਿਸ ਦੇ ਐਂਟੀ-ਡਰੋਨ ਸਿਸਟਮ ਦੀ ਪਕੜ ਵਿੱਚ ਅਜਿਹੇ 140 RTH ਡਰੋਨ ਆਏ ਸਨ। ਪੁਲਿਸ ਇਨ੍ਹਾਂ ਦੇ ਸਿਗਨਲ ਫੇਲ੍ਹ ਕਰਨ ਵਿੱਚ ਤਾਂ ਕਾਮਯਾਬ ਹੋ ਜਾਂਦੀ ਹੈ, ਪਰ ਇਹ ਵਾਪਸ ਮੁੜ ਜਾਂਦੇ ਹਨ, ਜਿਸ ਕਾਰਨ ਪੁਲਿਸ ਉਨ੍ਹਾਂ ਨੂੰ ਜ਼ਬਤ ਨਹੀਂ ਕਰ ਪਾ ਰਹੀ।
ਤੋੜ ਲੱਭਣ 'ਚ ਜੁਟੀ ਪੰਜਾਬ ਪੁਲਿਸ
ਪੁਲਿਸ ਅਧਿਕਾਰੀਆਂ ਅਨੁਸਾਰ, ਜਦੋਂ ਡਰੋਨ ਕੰਟਰੋਲ ਤੋਂ ਬਾਹਰ ਹੋਣ ਲੱਗਦਾ ਹੈ ਜਾਂ ਸਿਗਨਲ ਟੁੱਟ ਜਾਂਦਾ ਹੈ, ਤਾਂ ਇਹ 'ਫੇਲ ਸੇਫ ਰਿਟਰਨ ਟੂ ਹੋਮ' ਫੀਚਰ ਡਰੋਨ ਨੂੰ ਆਟੋਮੈਟਿਕ ਉਡਾਣ ਭਰਨ ਲਈ ਐਕਟਿਵ ਕਰ ਦਿੰਦਾ ਹੈ ਅਤੇ ਇਹ ਨਿਰਧਾਰਤ ਸ਼ੁਰੂਆਤੀ ਸਥਾਨ 'ਤੇ ਪਰਤ ਜਾਂਦਾ ਹੈ। ਕਈ ਕਮਰਸ਼ੀਅਲ ਡਰੋਨਾਂ ਵਿੱਚ ਇਹ ਫੀਚਰ ਆਮ ਹੁੰਦਾ ਹੈ।
ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਜੀ.ਪੀ.ਐੱਸ. (GPS) ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਜਾਵੇ, ਤਾਂ ਇਹ ਡਰੋਨ ਵਾਪਸ ਨਹੀਂ ਪਰਤ ਸਕਦੇ ਅਤੇ ਮਜਬੂਰੀ ਵਿੱਚ ਥੱਲੇ ਉਤਰ ਜਾਂਦੇ ਹਨ। ਪੰਜਾਬ ਪੁਲਿਸ ਹੁਣ ਇਸੇ ਤਕਨੀਕੀ ਤੋੜ 'ਤੇ ਕੰਮ ਕਰ ਰਹੀ ਹੈ ਤਾਂ ਜੋ 'ਰਿਟਰਨ ਟੂ ਹੋਮ' ਸਿਸਟਮ ਨੂੰ ਪੂਰੀ ਤਰ੍ਹਾਂ ਨਕਾਰਾ ਕੀਤਾ ਜਾ ਸਕੇ ਅਤੇ ਪਾਕਿਸਤਾਨੀ ਡਰੋਨਾਂ ਨੂੰ ਭਾਰਤੀ ਖੇਤਰ ਵਿੱਚ ਹੀ ਜ਼ਬਤ ਕੀਤਾ ਜਾ ਸਕੇ।
ਪੰਜਾਬ ਪੁਲਿਸ ਵੱਲੋਂ ਇਸ ਨਵੀਂ ਚੁਣੌਤੀ ਨਾਲ ਨਜਿੱਠਣ ਲਈ ਤਕਨੀਕੀ ਮਾਹਿਰਾਂ ਦੀ ਸਹਾਇਤਾ ਲਈ ਜਾ ਰਹੀ ਹੈ, ਤਾਂ ਜੋ ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
Get all latest content delivered to your email a few times a month.