ਤਾਜਾ ਖਬਰਾਂ
ਅੰਮ੍ਰਿਤਸਰ, 7 ਜਨਵਰੀ-
ਸਿੱਖ ਚਿੰਤਕ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਮੰਗ ਕੀਤੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਬਾਦਲ (ਦਿੱਲੀ ਸਟੇਟ) ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਖੁੱਲ੍ਹੀ ਚੁਨੌਤੀ ਦੇਣ ਦੇ ਦੋਸ਼ਾਂ ਤਹਿਤ ਤੁਰੰਤ ਜਵਾਬਤਲਬੀ ਲਈ ਤਲਬ ਕੀਤਾ ਜਾਵੇ।
ਪ੍ਰੋ. ਖਿਆਲਾ ਨੇ ਕਿਹਾ ਕਿ 11 ਅਪ੍ਰੈਲ 2010 ਨੂੰ ਭਾਈ ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬਗੰਜ ਸਾਹਿਬ, ਨਵੀਂ ਦਿੱਲੀ ਵਿਖੇ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ “ਵਿਸ਼ਵ ਸਿੱਖ ਕਨਵੈਨਸ਼ਨ” ਦੇ ਨਾਂਅ ’ਤੇ ਪੇਸ਼ ਕੀਤਾ ਗਿਆ ਅਖੌਤੀ “ਐਲਾਨਨਾਮਾ” ਰਾਹੀਂ ਅਸਲ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ’ਤੇ ਸਵਾਲ ਖੜ੍ਹੇ ਕੀਤੇ ਗਏ, ਅਤੇ ਪੰਜ ਤਖ਼ਤਾਂ ਦੀ ਸਿਧਾਂਤਕ ਏਕਤਾ ਨੂੰ ਖੰਡਿਤ ਕਰਨ ਤੋਂ ਇਲਾਵਾ ਹੁਕਮਨਾਮਿਆਂ ਦੀ ਸਥਾਪਿਤ ਪੰਥਕ ਪਰੰਪਰਾ ਨੂੰ ਢਹਿ-ਢੇਰੀ ਕਰ ਕੇ ਪੰਥਕ ਪਰੰਪਰਾ ਮੁਤਾਬਕ ਜਾਰੀ ਕੀਤੇ ਗਏ ਹੁਕਮਨਾਮਿਆਂ ਦੀ ਪ੍ਰਮਾਣਿਕਤਾ ‘ਤੇ ਸੰਦੇਹ ਪੈਦਾ ਕੀਤਾ ਗਿਆ ਅਤੇ ਹੁਕਮਨਾਮਿਆਂ ਪ੍ਰਤੀ ਅ-ਪਾਬੰਦ ਬਣਾਉਣ ਦੀ ਸੁਚੇਤ ਅਤੇ ਯੋਜਨਾਬੱਧ ਸਾਜ਼ਿਸ਼ ਤਹਿਤ ਸੰਗਤ ਨੂੰ ਉਕਸਾਇਆ ਗਿਆ ਸੀ।
ਪ੍ਰੋ. ਖਿਆਲਾ ਅਨੁਸਾਰ ਇਹ ਕਹਿ ਕੇ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੀਆਂ ਸੰਸਥਾਵਾਂ/ਵਿਅਕਤੀ ਗੁਰੂ ਪੰਥ ਦੇ ਫ਼ੈਸਲਿਆਂ ਵਿੱਚ ਸ਼ਾਮਲ ਹੋਣ ਦੇ ਅਧਿਕਾਰੀ ਨਹੀਂ, ਉਨ੍ਹਾਂ ਦੀ ਸ਼ਮੂਲੀਅਤ ਨਾਲ ਕੀਤੇ ਫ਼ੈਸਲੇ/ਹੁਕਮਨਾਮੇ ਦਾ ਖ਼ਾਲਸਾ ਪੰਥ ਪਾਬੰਦ ਨਹੀਂ।”
ਸਪਸ਼ਟ ਤੌਰ ’ਤੇ ਉਨ੍ਹਾਂ ਦਾ ਨਿਸ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਅਬਚਲ ਨਗਰ ਸੱਚਖੰਡ ਹਜ਼ੂਰ ਸਾਹਿਬ ਸਨ, ਜਿਨ੍ਹਾਂ ਦੇ ਜਥੇਦਾਰ ਸਿੰਘ ਸਾਹਿਬਾਨ ਦੀ ਸ਼ਮੂਲੀਅਤ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਨੂੰ ਗੈਰ-ਪ੍ਰਮਾਣਿਕ ਠਹਿਰਾਇਆ ਜਾਣਾ ਸਿੱਧੇ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਨੌਤੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਖ਼ਾਲਸਾ ਪੰਥ ਦੀ ਆਜ਼ਾਦ ਹਸਤੀ ਅਤੇ ਸਰਬਉੱਚ ਪੰਥਕ ਕੇਂਦਰ ਹੈ, ਜਿੱਥੋਂ ਪੰਜ ਸਿੰਘ ਸਾਹਿਬਾਨ ਵੱਲੋਂ ਗੁਰਮਤ ਦੀ ਰੌਸ਼ਨੀ ਵਿੱਚ ਲਏ ਗਏ ਫ਼ੈਸਲੇ ਨੂੰ ਹਰ ਗੁਰਸਿੱਖ ’ਹੁਕਮ’ ਸਮਝ ਕੇ ਮੰਨਦਾ ਆਇਆ ਹੈ।
ਪ੍ਰੋ. ਖਿਆਲਾ ਅਨੁਸਾਰ, ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਲਏ ਗਏ ਉਕਤ ਫ਼ੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜਾਂ ਤਖ਼ਤਾਂ ਦੀ ਸਾਂਝੀ ਸ਼ਮੂਲੀਅਤ ਨਾਲ ਜਾਰੀ ਹੋਏ ਹੁਕਮਨਾਮਿਆਂ ਨੂੰ ਪਰੋਖੇ ਤੌਰ ’ਤੇ ਰੱਦ ਕਰਨ ਦਾ ਐਲਾਨ ਹਨ ਅਤੇ ਪੰਥ ਵਿਚੋਂ ਛੇਕੇ ਹੋਇਆਂ ( ਪ੍ਰੋਫੈਸਰ ਦਰਸ਼ਨ ਸਿੰਘ ਰਾਗੀ) ਦਾ ਪੱਖ-ਪੂਰਨ ਦੀ ਕੋਸ਼ਿਸ਼ ਨਜ਼ਰ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਇਹ ਪੂਰੀ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ, ਹੁਕਮ ਅਤੇ ਪੰਥਕ ਅਨੁਸ਼ਾਸਨ ਨੂੰ ਕਮਜ਼ੋਰ ਕਰਨ ਦੀ ਗਹਿਰੀ ਸਾਜ਼ਿਸ਼ ਹੈ ਅਤੇ ਪੰਜਾਂ ਤਖ਼ਤਾਂ ਦੇ ਦਰਸ਼ਨ-ਦੀਦਾਰ ਪ੍ਰਤੀ ਅਰਦਾਸ ਦੇ ਸੰਕਲਪ ਦਾ ਨਿਰਾਦਰ ਵੀ ਹੈ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਮੰਗ ਕੀਤੀ ਕਿ ਇਸ ਗੰਭੀਰ ਮਾਮਲੇ ਵਿੱਚ ਸ. ਪਰਮਜੀਤ ਸਿੰਘ ਸਰਨਾ ਨੂੰ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਕੇ ਜਵਾਬਤਲਬੀ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ’ਤੇ ਪੰਥਕ ਰਵਾਇਤਾਂ ਅਨੁਸਾਰ ਕੜੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਜਾਂ ਸੰਸਥਾ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨਾਲ ਖੇਡਣ ਦੀ ਹਮਾਕਤ ਨਾ ਕਰ ਸਕੇ।
Get all latest content delivered to your email a few times a month.