ਤਾਜਾ ਖਬਰਾਂ
ਅੰਮ੍ਰਿਤਸਰ ਦੇ ਟਾਹਲੀ ਵਾਲਾ ਚੌਂਕ ਸਥਿਤ ਕਿੱਤਿਆਂ ਵਾਲੇ ਬਾਜ਼ਾਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਮੁਰੰਮਤ ਅਤੇ ਨਿਰਮਾਣ ਅਧੀਨ ਇੱਕ ਚਾਰ ਮੰਜ਼ਿਲਾਂ ਇਮਾਰਤ ਅਚਾਨਕ ਹੀ ਢਹਿ ਢੇਰੀ ਹੋ ਗਈ। ਇਹ ਹਾਦਸਾ ਇੰਨਾ ਅਚਾਨਕ ਅਤੇ ਭਿਆਨਕ ਸੀ ਕਿ ਨੇੜਲੇ ਇਲਾਕੇ ਵਿੱਚ ਭਗਦੜ ਮਚ ਗਈ ਅਤੇ ਲੋਕ ਘਬਰਾਹਟ ਵਿੱਚ ਇਧਰ-ਉਧਰ ਦੌੜ ਪਏ।
ਮਿਲੀ ਜਾਣਕਾਰੀ ਅਨੁਸਾਰ, ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇਮਾਰਤ ਦੇ ਅੰਦਰ ਮੁਰੰਮਤ ਅਤੇ ਬਣਤਰ ਦਾ ਕੰਮ ਜਾਰੀ ਸੀ। ਅਚਾਨਕ ਇਮਾਰਤ ਦਾ ਇੱਕ ਵੱਡਾ ਹਿੱਸਾ ਡਿੱਗ ਪਿਆ, ਜਿਸ ਦੀ ਚਪੇਟ ਵਿੱਚ ਅੰਦਰ ਕੰਮ ਕਰ ਰਹੇ ਇੱਕ ਰਾਜ ਮਿਸਤਰੀ ਅਤੇ ਇੱਕ ਮਜ਼ਦੂਰ ਆ ਗਏ। ਹਾਦਸੇ ਤੋਂ ਤੁਰੰਤ ਬਾਅਦ ਰਾਜ ਮਿਸਤਰੀ ਨੂੰ ਜਖ਼ਮੀ ਹਾਲਤ ਵਿੱਚ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਦਕਿ ਮਜ਼ਦੂਰ ਮਲਬੇ ਹੇਠਾਂ ਬੁਰੀ ਤਰ੍ਹਾਂ ਫਸ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕਾ ਵਾਸੀਆਂ ਨੇ ਤੁਰੰਤ ਪੁਲਿਸ ਅਤੇ ਪ੍ਰਸ਼ਾਸਨ ਨੂੰ ਅਗਾਹ ਕੀਤਾ। ਥਾਣਾ ਬੀ ਡਵੀਜ਼ਨ ਦੀ ਪੁਲਿਸ ਅਤੇ ਰੈਸਕਿਊ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਸਥਾਨਕ ਲੋਕਾਂ ਦੀ ਮਦਦ ਨਾਲ ਲਗਭਗ ਡੇਢ ਘੰਟੇ ਤੱਕ ਚੱਲੀ ਮੁਸ਼ੱਕਤ ਰੈਸਕਿਊ ਕਾਰਵਾਈ ਤੋਂ ਬਾਅਦ ਫਸੇ ਹੋਏ ਮਜ਼ਦੂਰ ਨੂੰ ਸੁਰੱਖਿਅਤ ਤਰੀਕੇ ਨਾਲ ਮਲਬੇ ਵਿੱਚੋਂ ਬਾਹਰ ਕੱਢ ਲਿਆ ਗਿਆ। ਉਸ ਨੂੰ ਵੀ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਪੁਲਿਸ ਵੱਲੋਂ ਹਾਦਸਾਗ੍ਰਸਤ ਇਮਾਰਤ ਨੂੰ ਸੀਲ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਮਾਰਤ ਡਿੱਗਣ ਦੇ ਅਸਲ ਕਾਰਨਾਂ ਬਾਰੇ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਥਾਣਾ ਬੀ ਡਵੀਜ਼ਨ ਦੇ ਐਸਐਚਓ ਨੇ ਮੀਡੀਆ ਨੂੰ ਦੱਸਿਆ ਕਿ ਦੋਵੇਂ ਜਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਪੁਲਿਸ ਵੱਲੋਂ ਬਿਲਡਿੰਗ ਡਿੱਗਣ ਦੇ ਕਾਰਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.