ਤਾਜਾ ਖਬਰਾਂ
ਆਲ ਡਿਪਲੋਮਾ ਡਿਗਰੀ ਅਪਰੈਂਟਿਸ ਐਸੋਸੀਏਸ਼ਨ ਵੱਲੋਂ ਡਿਪਲੋਮਾ ਅਤੇ ਡਿਗਰੀ ਅਪਰੈਂਟਿਸਾਂ ਨੂੰ ਉਨ੍ਹਾਂ ਦੀ ਅਪਰੈਂਟਿਸਸ਼ਿਪ ਦੇ ਆਧਾਰ ‘ਤੇ ਮਾਨਤਾ ਦੇਣ ਅਤੇ ਵੱਖਰੀ ਭਰਤੀ ਪ੍ਰਕਿਰਿਆ ਲਾਗੂ ਕਰਨ ਦੀ ਮੰਗ ਨੂੰ ਲੈ ਕੇ PSPCL ਦੇ ਮੁੱਖ ਦਫ਼ਤਰ ਅੱਗੇ ਲਗਾਤਾਰ ਸ਼ਾਂਤੀਪੂਰਨ ਅਤੇ ਲੋਕਤੰਤਰੀਕ ਧਰਨਾ ਦਿੱਤਾ ਜਾ ਰਿਹਾ ਹੈ। ਯੂਨੀਅਨ ਦਾ ਕਹਿਣਾ ਹੈ ਕਿ PSPCL ਅਤੇ PSTCL ਵਿੱਚ ਅਪਰੈਂਟਿਸ ਵਜੋਂ ਕੰਮ ਕਰ ਰਹੇ ਨੌਜਵਾਨ ਵੱਖ-ਵੱਖ ਅਹੁਦਿਆਂ ਲਈ ਪ੍ਰੈਕਟਿਕਲ ਟ੍ਰੇਨਿੰਗ ਲੈਂਦੇ ਹਨ ਅਤੇ ਪੂਰੀ ਤਰ੍ਹਾਂ ਸਕਿਲਡ ਮੈਨਪਾਵਰ ਵਜੋਂ ਤਿਆਰ ਹੁੰਦੇ ਹਨ, ਪਰ ਇਸ ਪ੍ਰੋਫੈਸ਼ਨਲ ਟ੍ਰੇਨਿੰਗ ਦੀ ਅਜੇ ਤੱਕ ਕੋਈ ਸਰਕਾਰੀ ਮਾਨਤਾ ਨਹੀਂ ਦਿੱਤੀ ਗਈ।
ਯੂਨੀਅਨ ਆਗੂਆਂ ਨੇ ਦੱਸਿਆ ਕਿ 29 ਦਸੰਬਰ 2025 ਤੋਂ ਲੈ ਕੇ 5 ਜਨਵਰੀ 2026 ਤੱਕ ਅਪਰੈਂਟਿਸ ਨੌਜਵਾਨ ਲਗਾਤਾਰ ਧਰਨੇ ਅਤੇ ਭੁੱਖ ਹੜਤਾਲ ‘ਤੇ ਬੈਠੇ ਹਨ, ਪਰ ਇਸ ਦੇ ਬਾਵਜੂਦ PSPCL ਮੈਨੇਜਮੈਂਟ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਗਈ। ਨਾ ਤਾਂ ਕਿਸੇ ਤਰ੍ਹਾਂ ਦੀ ਸੁਣਵਾਈ ਹੋ ਰਹੀ ਹੈ ਅਤੇ ਨਾ ਹੀ ਕਿਸੇ ਹੱਲ ਵੱਲ ਕਦਮ ਚੁੱਕਿਆ ਜਾ ਰਿਹਾ ਹੈ।
ਯੂਨੀਅਨ ਨੇ ਖੁਲਾਸਾ ਕੀਤਾ ਕਿ 30 ਦਸੰਬਰ 2025 ਨੂੰ PSPCL ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਪਿਛਲੇ ਭਰੋਸਿਆਂ ਤੋਂ ਮੁੱਕਰਦੇ ਹੋਏ ਸਾਫ਼ ਕਹਿ ਦਿੱਤਾ ਗਿਆ ਕਿ ਅਪਰੈਂਟਿਸਾਂ ਦੇ ਹੱਕ ਵਿੱਚ ਕੋਈ ਸਰਕੂਲਰ ਜਾਰੀ ਨਹੀਂ ਕੀਤਾ ਜਾਵੇਗਾ ਅਤੇ “ਜੋ ਕਰਨਾ ਹੈ ਕਰ ਲਓ” ਵਰਗਾ ਬਿਆਨ ਦਿੱਤਾ ਗਿਆ। ਇਸ ਤੋਂ ਬਾਅਦ ਕੁਝ ਅਧਿਕਾਰੀਆਂ ਵੱਲੋਂ ਧਰਨੇ ਵਾਲੀ ਜਗ੍ਹਾ ‘ਤੇ ਧਮਕੀ ਭਰੀ ਭਾਸ਼ਾ ਵਰਤਦਿਆਂ ਇਹ ਵੀ ਕਿਹਾ ਗਿਆ ਕਿ ਜੇ ਧਰਨਾ ਖਤਮ ਨਾ ਕੀਤਾ ਗਿਆ ਤਾਂ ਇੱਕਲੇ–ਇੱਕਲੇ ਮੈਂਬਰਾਂ ‘ਤੇ ਪਰਚੇ ਦਰਜ ਕੀਤੇ ਜਾ ਸਕਦੇ ਹਨ।
ਮੀਟਿੰਗ ਤੋਂ ਬਾਅਦ ਅਪਰੈਂਟਿਸ ਯੂਨੀਅਨ ਦੇ ਮੈਂਬਰ ਭੁੱਖ ਹੜਤਾਲ ‘ਤੇ ਡਟੇ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਮੈਂਬਰ ਦੀ ਤਬੀਅਤ ਵਿਗੜਨ ਕਾਰਨ ਯੂਨੀਅਨ ਪ੍ਰਧਾਨ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਯੂਨੀਅਨ ਨੇ ਇਸ ਸਥਿਤੀ ਨੂੰ ਮਾਮਲੇ ਦੀ ਗੰਭੀਰਤਾ ਦਾ ਸਪੱਸ਼ਟ ਸਬੂਤ ਦੱਸਦਿਆਂ ਤੁਰੰਤ ਹੱਲ ਦੀ ਮੰਗ ਕੀਤੀ ਹੈ।
ਸੀਨੀਅਰ ਆਗੂ ਗੁਰਦੀਪ ਸਿੰਘ ਅਬੋਹਰ, ਰਾਜੂ ਰਾਮ ਸ਼ੁਤਰਾਣਾ, ਜਗਜੀਤ ਸੰਗਰੂਰ ਅਤੇ ਹਰੀ ਸਿੰਘ ਬੁਢਲਾਡਾ ਨੇ ਚੇਤਾਵਨੀ ਦਿੱਤੀ ਕਿ ਜੇ ਅਪਰੈਂਟਿਸਾਂ ਨੂੰ ਇਸੇ ਤਰ੍ਹਾਂ ਅਣਡਿੱਠਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਭੁੱਖ ਹੜਤਾਲ ਨੂੰ ਮਰਨ–ਵਰਤ ਵਿੱਚ ਬਦਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਕਿਸੇ ਵੀ ਨਤੀਜੇ ਲਈ ਪੰਜਾਬ ਸਰਕਾਰ ਅਤੇ PSPCL ਮੈਨੇਜਮੈਂਟ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ ਅਤੇ ਅਪਰੈਂਟਿਸ ਨੌਜਵਾਨਾਂ ਦੇ ਹੱਕਾਂ ਅਤੇ ਭਵਿੱਖ ਨਾਲ ਕਿਸੇ ਵੀ ਤਰ੍ਹਾਂ ਦੀ ਨਾਈਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Get all latest content delivered to your email a few times a month.