ਤਾਜਾ ਖਬਰਾਂ
ਹਲਕਾ ਲੰਬੀ ਦੇ ਥਾਣਾ ਕਬਰਵਾਲਾ ਦੇ ਅਧੀਨ ਆਉਂਦੇ ਪਿੰਡ ਮਿੱਡਾ ਵਿੱਚ ਅੱਜ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇੱਕ ਪਿਤਾ ਨੇ ਆਪਣੀ ਹੀ 18 ਸਾਲਾ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਿਤਾ ਵੱਲੋਂ ਇਹ ਖੌਫ਼ਨਾਕ ਕਦਮ ਸਿਰਫ ਇਸ ਲਈ ਚੁੱਕਿਆ ਗਿਆ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਧੀ ਅੱਗੇ ਹੋਰ ਪੜ੍ਹਾਈ ਕਰੇ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਮਿੱਡਾ ਦੇ ਰਹਿਣ ਵਾਲੇ ਹਰਪਾਲ ਸਿੰਘ ਨੇ ਸਵੇਰੇ ਤੜਕਸਾਰ ਕਰੀਬ 7 ਵਜੇ ਦੇ ਆਸ-ਪਾਸ ਆਪਣੀ ਸੁੱਤੀ ਪਈ ਧੀ ਉੱਤੇ ਕਹੀ ਨਾਲ ਤਿੱਖੇ ਵਾਰ ਕਰਕੇ ਉਸਦੀ ਮੌਕੇ 'ਤੇ ਹੀ ਹੱਤਿਆ ਕਰ ਦਿੱਤੀ। ਮ੍ਰਿਤਕਾ ਦੀ ਪਹਿਚਾਣ ਚਮਨਦੀਪ ਕੌਰ ਵਜੋਂ ਹੋਈ ਹੈ, ਜੋ ਕਿ ਪੜ੍ਹਾਈ ਅਤੇ ਖੇਡਾਂ ਦੋਹਾਂ ਖੇਤਰਾਂ ਵਿੱਚ ਬਹੁਤ ਹੀ ਹੋਨਹਾਰ ਸੀ।
ਚਮਨਦੀਪ ਕੌਰ ਨੇ ਪਾਵਰ ਲਿਫਟਿੰਗ ਵਿੱਚ ਸੋਨ ਤਗਮਾ ਜਿੱਤ ਕੇ ਆਪਣੇ ਪਿੰਡ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਸੀ। ਉਹ ਪਹਿਲਾਂ ਮੋਹਾਲੀ ਵਿੱਚ ਬੀਕਾਮ ਦੀ ਪੜ੍ਹਾਈ ਕਰ ਰਹੀ ਸੀ ਅਤੇ ਬਾਅਦ ਵਿੱਚ ਫਿਰੋਜ਼ਪੁਰ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਕੇ ਅਗਲੀ ਪੜ੍ਹਾਈ ਜਾਰੀ ਰੱਖ ਰਹੀ ਸੀ। ਛੁੱਟੀਆਂ ਦੇ ਕਾਰਨ ਉਹ ਕੁਝ ਦਿਨਾਂ ਲਈ ਘਰ ਆਈ ਹੋਈ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕਬਰਵਾਲਾ ਦੀ ਐਸਐਚਓ ਹਰਪ੍ਰੀਤ ਕੌਰ ਪੁਲਿਸ ਟੀਮ ਸਮੇਤ ਤੁਰੰਤ ਮੌਕੇ 'ਤੇ ਪਹੁੰਚੀ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਘਟਨਾ ਸਥਾਨ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਮ੍ਰਿਤਕਾ ਦੀ ਮਾਂ ਜਸਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਪਿਤਾ ਹਰਪਾਲ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਪਿਤਾ ਆਪਣੀ ਧੀ ਦੀ ਅੱਗੇ ਪੜ੍ਹਾਈ ਦੇ ਖ਼ਿਲਾਫ ਸੀ, ਜਿਸ ਕਾਰਨ ਘਰੇਲੂ ਤਣਾਅ ਬਣਿਆ ਰਹਿੰਦਾ ਸੀ। ਇਸੀ ਸੋਚ ਨੇ ਆਖਿਰਕਾਰ ਇੱਕ ਹੋਨਹਾਰ ਧੀ ਦੀ ਜਾਨ ਲੈ ਲਈ।
ਫਿਲਹਾਲ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮਲੋਟ ਦੇ ਸਿਵਿਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਦਰਦਨਾਕ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਹਰ ਕੋਈ ਇਸ ਨਿਰਦਈ ਕਤਲ ਨੂੰ ਲੈ ਕੇ ਸਹਿਮਿਆ ਹੋਇਆ ਹੈ।
Get all latest content delivered to your email a few times a month.