ਤਾਜਾ ਖਬਰਾਂ
ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਖ਼ਿਲਾਫ਼ ਹਿੰਸਾ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲੇ ਵਿੱਚ ਸ਼ਰੀਅਤਪੁਰ ਜ਼ਿਲ੍ਹੇ ਦੇ ਦਾਮੁਦੀਆ ਉਪਜ਼ਿਲਾ ਅਧੀਨ ਕੇਉਰਭੰਗਾ ਬਾਜ਼ਾਰ ਦੇ ਨੇੜੇ ਇੱਕ ਹਿੰਦੂ ਵਪਾਰੀ ਖੋਕਨ ਚੰਦਰ ਦਾਸ ਨੂੰ ਬੇਰਹਿਮੀ ਨਾਲ ਅੱਗ ਲਗਾ ਕੇ ਮਾਰ ਦਿੱਤਾ ਗਿਆ। ਗੰਭੀਰ ਤੌਰ ’ਤੇ ਜ਼ਖ਼ਮੀ ਹੋਣ ਤੋਂ ਬਾਅਦ ਉਹ ਢਾਕਾ ਦੇ ਨੈਸ਼ਨਲ ਬਰਨ ਐਂਡ ਪਲਾਸਟਿਕ ਸਰਜਰੀ ਇੰਸਟੀਚਿਊਟ ਵਿੱਚ ਜ਼ਿੰਦਗੀ ਦੀ ਲੜਾਈ ਹਾਰ ਗਿਆ।
ਡਾਕਟਰਾਂ ਮੁਤਾਬਕ, ਖੋਕਨ ਦਾਸ ਦੇ ਸਰੀਰ ਦਾ ਲਗਭਗ 30 ਫੀਸਦੀ ਹਿੱਸਾ ਸੜ ਚੁੱਕਾ ਸੀ। ਅੱਗ ਕਾਰਨ ਉਸਦੇ ਚਿਹਰੇ ਅਤੇ ਸਾਹ ਲੈਣ ਵਾਲੀ ਪ੍ਰਣਾਲੀ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਹਸਪਤਾਲ ਦੇ ਪ੍ਰੋਫੈਸਰ ਡਾ. ਸ਼ੌਨ ਬਿਨ ਰਹਿਮਾਨ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 7 ਵਜੇ 20 ਮਿੰਟ ’ਤੇ ਉਸਦੀ ਮੌਤ ਹੋ ਗਈ।
ਸਥਾਨਕ ਅਖ਼ਬਾਰ ਪ੍ਰਥਮ ਆਲੋ ਦੀ ਰਿਪੋਰਟ ਮੁਤਾਬਕ, ਇਹ ਹਮਲਾ 31 ਦਸੰਬਰ ਦੀ ਰਾਤ ਲਗਭਗ 9:30 ਵਜੇ ਹੋਇਆ। ਖੋਕਨ ਦਾਸ ਆਪਣੀ ਮੈਡੀਕਲ ਸਟੋਰ ਬੰਦ ਕਰਕੇ ਘਰ ਵਾਪਸ ਜਾ ਰਿਹਾ ਸੀ, ਜਦੋਂ ਕੁਝ ਹਮਲਾਵਰਾਂ ਨੇ ਉਸਦਾ ਰਸਤਾ ਰੋਕ ਲਿਆ। ਪਹਿਲਾਂ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਫਿਰ ਪੈਟਰੋਲ ਛਿੜਕ ਕੇ ਉਸਨੂੰ ਅੱਗ ਲਗਾ ਦਿੱਤੀ ਗਈ। ਅੱਗ ਤੋਂ ਬਚਣ ਲਈ ਉਸਨੇ ਨੇੜੇ ਪੈਂਦੇ ਤਲਾਬ ਵਿੱਚ ਛਾਲ ਮਾਰ ਦਿੱਤੀ। ਉਸ ਦੀਆਂ ਚੀਕਾਂ ਸੁਣ ਕੇ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੂੰ ਦੇਖ ਕੇ ਹਮਲਾਵਰ ਫ਼ਰਾਰ ਹੋ ਗਏ।
ਘਟਨਾ ਤੋਂ ਬਾਅਦ ਖੋਕਨ ਦਾਸ ਨੂੰ ਤੁਰੰਤ ਸ਼ਰੀਅਤਪੁਰ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਢਾਕਾ ਰੈਫ਼ਰ ਕਰ ਦਿੱਤਾ ਗਿਆ। ਕਈ ਦਿਨਾਂ ਤੱਕ ਮੌਤ ਨਾਲ ਸੰਘਰਸ਼ ਕਰਨ ਮਗਰੋਂ ਆਖ਼ਿਰਕਾਰ ਉਸਨੇ ਦਮ ਤੋੜ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਇਸ ਹੱਤਿਆ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਖੋਕਨ ਦਾਸ ਦੇ ਰਿਸ਼ਤੇਦਾਰ ਪ੍ਰਾਂਤੋ ਦਾਸ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਦਾਮੁਦੀਆ ਥਾਣੇ ਦੇ ਇੰਚਾਰਜ ਮੁਹੰਮਦ ਰਬੀਉਲ ਹੱਕ ਨੇ ਦੱਸਿਆ ਕਿ ਪੁਲਿਸ ਨੇ ਦੋ ਮੁੱਖ ਸ਼ੱਕੀਆਂ—ਰੱਬੀ ਅਤੇ ਸੋਹਾਗ—ਦੀ ਪਛਾਣ ਕਰ ਲਈ ਹੈ, ਜੋ ਦੋਵੇਂ ਸਥਾਨਕ ਨਿਵਾਸੀ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਸੰਭਾਵੀ ਦੋਸ਼ੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ।
Get all latest content delivered to your email a few times a month.